1ਜਦੋਂ ਸੂਰ ਦੇ ਰਾਜੇ ਹੀਰਾਮ ਨੇ ਸੁਣਿਆ ਕਿ ਸ਼ਲੋਮੋਨ ਨੂੰ ਉਸ ਦੇ ਪਿਤਾ ਦਾਵੀਦ ਤੋਂ ਬਾਅਦ ਰਾਜਾ ਚੁਣਿਆ ਗਿਆ ਹੈ, ਤਾਂ ਉਸ ਨੇ ਸ਼ਲੋਮੋਨ ਕੋਲ ਆਪਣੇ ਰਾਜਦੂਤ ਭੇਜੇ ਕਿਉਂਕਿ ਉਹ ਦਾਵੀਦ ਦਾ ਹਮੇਸ਼ਾ ਦੋਸਤ ਰਿਹਾ ਸੀ।
2ਸ਼ਲੋਮੋਨ ਨੇ ਹੀਰਾਮ ਨੂੰ ਇਹ ਸੰਦੇਸ਼ ਵਾਪਸ ਭੇਜਿਆ:
3“ਤੂੰ ਜਾਣਦਾ ਹੈ ਕਿ ਮੇਰੇ ਪਿਤਾ ਦਾਵੀਦ ਦੇ ਵਿਰੁੱਧ ਚਾਰੇ ਪਾਸਿਆਂ ਤੋਂ ਲੜਾਈਆਂ ਹੋਣ ਕਰਕੇ, ਉਹ ਆਪਣੇ ਯਾਹਵੇਹ ਦੇ ਨਾਮ ਲਈ ਹੈਕਲ ਨਾ ਬਣਾ ਸਕਿਆ, ਜਦੋਂ ਤੱਕ ਯਾਹਵੇਹ ਨੇ ਉਸਦੇ ਦੁਸ਼ਮਣਾਂ ਨੂੰ ਉਸਦੇ ਪੈਰਾਂ ਹੇਠ ਨਾ ਕੀਤਾ।
4ਪਰ ਹੁਣ ਮੇਰੇ ਪਰਮੇਸ਼ਵਰ ਨੇ ਮੈਨੂੰ ਹਰ ਪਾਸਿਓਂ ਅਰਾਮ ਦਿੱਤਾ ਹੈ ਨਾ ਹੀ ਕੋਈ ਵੀ ਵਿਰੋਧੀ ਅਤੇ ਨਾ ਹੀ ਬੁਰਿਆਈ ਹੋਣ ਵਾਲੀ ਹੈ।
5ਇਸ ਲਈ ਮੈਂ ਆਖਦਾ ਹਾਂ ਕਿ ਮੈਂ ਆਪਣੇ ਯਾਹਵੇਹ ਪਰਮੇਸ਼ਵਰ ਦੇ ਨਾਮ ਲਈ ਇੱਕ ਹੈਕਲ ਬਣਾਵਾਂ, ਜਿਵੇਂ ਕਿ ਯਾਹਵੇਹ ਨੇ ਮੇਰੇ ਪਿਤਾ ਦਾਵੀਦ ਨੂੰ ਕਿਹਾ ਸੀ, ‘ਕਿ ਤੇਰਾ ਪੁੱਤਰ ਜਿਸ ਨੂੰ ਮੈਂ ਤੇਰੀ ਥਾਂ ਰਾਜ ਗੱਦੀ ਬਿਠਾਵਾਂਗਾ ਉਹ ਮੇਰੇ ਨਾਮ ਦੀ ਹੈਕਲ ਬਣਾਵੇਗਾ।’