19ਫਿਰ ਵੀ, ਤੂੰ ਭਵਨ ਨਹੀਂ ਬਣਾਵੇਗਾ, ਪਰ ਫਿਰ ਵੀ ਤੇਰਾ ਪੁੱਤਰ, ਜੋ ਤੇਰੇ ਆਪਣੇ ਮਾਸ ਅਤੇ ਲਹੂ ਵਿੱਚੋਂ ਹੋਵੇਗਾ ਉਹ ਮੇਰੇ ਲਈ ਭਵਨ ਨੂੰ ਬਣਾਵੇਗਾ।’
20“ਯਾਹਵੇਹ ਨੇ ਆਪਣਾ ਉਹ ਵਚਨ ਜਿਹੜਾ ਉਸਨੇ ਕਿਹਾ ਸੀ ਪੂਰਾ ਕੀਤਾ। ਜੋ ਮੈਂ ਆਪਣੇ ਪਿਤਾ ਦਾਵੀਦ ਦੇ ਥਾਂ ਉੱਠਿਆ ਹਾਂ ਅਤੇ ਜਿਵੇਂ ਯਾਹਵੇਹ ਨੇ ਬਚਨ ਕੀਤਾ ਸੀ ਮੈਂ ਇਸਰਾਏਲ ਦੀ ਰਾਜ ਗੱਦੀ ਉੱਤੇ ਬੈਠਾ ਹਾਂ ਅਤੇ ਮੈਂ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਦੇ ਨਾਮ ਲਈ ਇਹ ਭਵਨ ਬਣਾਇਆ।
21ਉੱਥੇ ਮੈਂ ਸੰਦੂਕ ਲਈ ਥਾਂ ਰੱਖਿਆ ਹੈ ਜਿਸ ਵਿੱਚ ਯਾਹਵੇਹ ਦਾ ਨੇਮ ਹੈ ਜੋ ਉਸਨੇ ਸਾਡੇ ਪਿਉ ਦਾਦਿਆਂ ਨਾਲ ਬੰਨ੍ਹਿਆ ਜਦ ਉਸ ਨੇ ਉਹਨਾਂ ਨੂੰ ਮਿਸਰ ਦੇਸ ਤੋਂ ਕੱਢਿਆ।”
22ਤਦ ਸ਼ਲੋਮੋਨ ਨੇ ਇਸਰਾਏਲ ਦੀ ਸਾਰੀ ਸਭਾ ਦੇ ਸਾਹਮਣੇ ਯਾਹਵੇਹ ਦੀ ਜਗਵੇਦੀ ਦੇ ਅੱਗੇ ਖੜ੍ਹਾ ਹੋ ਕੇ ਆਪਣੇ ਹੱਥ ਅਕਾਸ਼ ਵੱਲ ਚੁੱਕੇ
23ਉਸ ਨੇ ਕਿਹਾ: “ਹੇ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ, ਤੇਰੇ ਵਰਗਾ ਨਾ ਸਵਰਗ ਵਿੱਚ ਨਾ ਧਰਤੀ ਉੱਤੇ ਕੋਈ ਪਰਮੇਸ਼ਵਰ ਨਹੀਂ ਹੈ, ਤੂੰ ਆਪਣੇ ਸੇਵਕਾਂ ਨਾਲ ਆਪਣੇ ਪਿਆਰ ਦੇ ਨੇਮ ਦੀ ਪਾਲਣਾ ਕੀਤੀ ਹੈ ਜਿਹੜੇ ਤੇਰੇ ਅੱਗੇ ਪੂਰੇ ਦਿਲ ਨਾਲ ਤੇਰੇ ਰਾਹ ਉੱਤੇ ਚੱਲਦੇ ਹਨ।