44“ਜਦ ਤੇਰੇ ਲੋਕ ਆਪਣੇ ਦੁਸ਼ਮਣਾਂ ਨਾਲ ਯੁੱਧ ਕਰਨ ਲਈ ਨਿੱਕਲਣ ਜਿੱਥੇ ਤੂੰ ਉਹਨਾਂ ਨੂੰ ਘੱਲੇ ਅਤੇ ਯਾਹਵੇਹ ਦੇ ਅੱਗੇ ਇਸ ਸ਼ਹਿਰ ਵੱਲ ਜਿਸ ਨੂੰ ਤੂੰ ਚੁਣਿਆਂ ਅਤੇ ਉਸ ਭਵਨ ਵੱਲ ਜਿਸ ਨੂੰ ਮੈਂ ਤੇਰੇ ਨਾਮ ਲਈ ਬਣਾਇਆ ਹੈ ਤੇਰੇ ਅੱਗੇ ਪ੍ਰਾਰਥਨਾ ਕਰਨ।
45ਤਦ ਤੂੰ ਸਵਰਗ ਤੋਂ ਉਹਨਾਂ ਦੀ ਪ੍ਰਾਰਥਨਾ ਅਤੇ ਉਹਨਾਂ ਦੀ ਬੇਨਤੀ ਸੁਣ ਅਤੇ ਉਹਨਾਂ ਦੇ ਹੱਕ ਦਾ ਨਿਆਂ ਕਰੀਂ।
46“ਜੇਕਰ ਉਹ ਤੇਰਾ ਪਾਪ ਕਰਨ ਕਿਉਂ ਜੋ ਕੋਈ ਮਨੁੱਖ ਅਜਿਹਾ ਨਹੀਂ ਹੈ ਜੋ ਪਾਪ ਨਾ ਕਰਦਾ ਹੋਵੇ ਅਤੇ ਤੂੰ ਉਹਨਾਂ ਨਾਲ ਕ੍ਰੋਧਵਾਨ ਹੋਵੇ ਅਤੇ ਉਹਨਾਂ ਨੂੰ ਵੈਰੀ ਦੇ ਹੱਥ ਵਿੱਚ ਐਉਂ ਦੇ ਦੇਵੇਂ ਜਿਵੇਂ ਉਹ ਉਹਨਾਂ ਨੂੰ ਗ਼ੁਲਾਮ ਬਣਾ ਕੇ ਵੈਰੀ ਦੇ ਦੇਸ਼ ਵਿੱਚ ਲੈ ਜਾਣ ਭਾਵੇਂ ਦੂਰ ਭਾਵੇਂ ਨੇੜੇ;
47ਅਤੇ ਜੇ ਉਹ ਉਸ ਦੇਸ਼ ਵਿੱਚ ਜਿੱਥੇ ਉਹ ਗ਼ੁਲਾਮੀ ਵਿੱਚ ਹੋਣ, ਆਪਣੇ ਮਨ ਬਦਲ ਲੈਣ ਅਤੇ ਪਛਤਾਉਣ ਆਪਣੇ ਗ਼ੁਲਾਮ ਬਣਾਉਣ ਵਾਲਿਆ ਦੇ ਦੇਸ਼ ਵਿੱਚ ਤੇਰੇ ਅੱਗੇ ਬੇਨਤੀ ਕਰਨ ਅਤੇ ਆਖਣ, ‘ਅਸੀਂ ਪਾਪ ਕੀਤਾ, ਅਸੀਂ ਅਪਰਾਧ ਕੀਤਾ, ਅਸੀਂ ਬੁਰਿਆਈ ਕੀਤੀ ਹੈ’
48ਅਤੇ ਇਸ ਤਰ੍ਹਾਂ ਆਪਣੇ ਵੈਰੀਆਂ ਦੇ ਦੇਸ ਜਿਨ੍ਹਾਂ ਨੇ ਉਹਨਾਂ ਨੂੰ ਗੁਲਾਮ ਬਣਾਇਆ ਉਹ ਤੇਰੇ ਵੱਲ ਆਪਣੇ ਸਾਰੇ ਮਨ ਅਤੇ ਆਪਣੀ ਸਾਰੀ ਜਾਨ ਨਾਲ ਮੁੜਨ ਅਤੇ ਤੇਰੇ ਅੱਗੇ ਆਪਣੇ ਦੇਸ਼ ਵੱਲ ਬੇਨਤੀ ਕਰਨ ਜਿਹੜਾ ਤੂੰ ਉਹਨਾਂ ਦੇ ਪਿਉ ਦਾਦਿਆਂ ਨੂੰ ਦਿੱਤਾ ਅਤੇ ਉਸ ਸ਼ਹਿਰ ਵੱਲ ਜੋ ਤੂੰ ਚੁਣਿਆ ਹੈ ਅਤੇ ਇਸ ਭਵਨ ਵੱਲ ਜੋ ਮੈਂ ਤੇਰੇ ਨਾਮ ਲਈ ਬਣਾਇਆ;