11ਤਾਂ ਦੋਹਾਂ ਨੇ ਫ਼ਲਿਸਤੀਆਂ ਦੀ ਚੌਂਕੀ ਅੱਗੇ ਆਪਣੇ ਆਪ ਨੂੰ ਵਿਖਾਇਆ। ਫ਼ਲਿਸਤੀ ਬੋਲੇ “ਦੇਖੋ! ਇਬਰਾਨੀ ਉਹਨਾਂ ਖੁੱਡਾਂ ਵਿੱਚੋਂ ਬਾਹਰ ਨਿੱਕਲ ਆਉਂਦੇ ਹਨ ਜਿਨ੍ਹਾਂ ਵਿੱਚ ਉਹ ਛੁਪੇ ਹੋਏ ਸਨ।”
12ਚੌਂਕੀ ਦੇ ਆਦਮੀਆਂ ਨੇ ਯੋਨਾਥਾਨ ਅਤੇ ਉਸ ਦੇ ਸ਼ਸਤਰ ਚੁੱਕਣ ਵਾਲੇ ਨੂੰ ਉੱਚੀ-ਉੱਚੀ ਕਿਹਾ, “ਸਾਡੇ ਕੋਲ ਚੜ੍ਹ ਆਓ ਅਤੇ ਅਸੀਂ ਤੁਹਾਨੂੰ ਸਬਕ ਸਿਖਾਵਾਂਗੇ।” ਇਸ ਲਈ ਯੋਨਾਥਾਨ ਨੇ ਆਪਣੇ ਸ਼ਸਤਰ ਚੁੱਕਣ ਵਾਲੇ ਨੂੰ ਕਿਹਾ, “ਮੇਰੇ ਪਿੱਛੇ ਚੜ੍ਹ ਆ ਕਿਉਂ ਜੋ ਯਾਹਵੇਹ ਨੇ ਉਹਨਾਂ ਨੂੰ ਇਸਰਾਏਲ ਦੇ ਹੱਥ ਵਿੱਚ ਸੌਂਪ ਦਿੱਤਾ ਹੈ।”
13ਯੋਨਾਥਾਨ ਆਪਣੇ ਹੱਥਾਂ ਅਤੇ ਪੈਰਾਂ ਦੇ ਭਾਰ ਚੜ੍ਹ ਗਿਆ, ਅਤੇ ਉਸਦੇ ਸ਼ਸਤਰ ਚੁੱਕਣ ਵਾਲਾ ਉਸਦੇ ਮਗਰ ਹੋਇਆ ਤਾਂ ਫ਼ਲਿਸਤੀ ਯੋਨਾਥਾਨ ਦੇ ਅੱਗੇ ਡਿੱਗਦੇ ਜਾਂਦੇ ਸਨ ਅਤੇ ਉਸਦਾ ਸ਼ਸਤਰ ਚੁੱਕਣ ਵਾਲਾ ਉਸਦੇ ਪਿੱਛੇ-ਪਿੱਛੇ ਮਾਰੀ ਜਾਂਦਾ ਸੀ।
14ਇਹ ਪਹਿਲੀ ਮਾਰ ਜੋ ਯੋਨਾਥਾਨ ਅਤੇ ਉਸ ਦੇ ਸ਼ਸਤਰ ਚੁੱਕਣ ਵਾਲੇ ਨੇ ਕੀਤੀ ਲਗਭਗ ਅੱਧਾ ਏਕੜ ਦੇ ਖੇਤਰ ਵਿੱਚ ਵੀਹ ਮਨੁੱਖ ਮਾਰੇ।
15ਤਦ ਸਾਰੀ ਫ਼ੌਜ, ਜਿਹੜੇ ਡੇਰੇ ਅਤੇ ਮੈਦਾਨ ਵਿੱਚ ਸਨ ਅਤੇ ਜਿਹੜੇ ਚੌਂਕੀਆਂ ਅਤੇ ਛਾਪਾਮਾਰ ਦਲਾਂ ਵਿੱਚ ਸਨ, ਘਬਰਾ ਗਏ ਅਤੇ ਜ਼ਮੀਨ ਹਿੱਲ ਗਈ। ਇਹ ਪਰਮੇਸ਼ਵਰ ਵੱਲੋਂ ਭੇਜੀ ਦਹਿਸ਼ਤ ਸੀ।