15ਸ਼ਾਊਲ ਨੇ ਉੱਤਰ ਦਿੱਤਾ, “ਸਿਪਾਹੀ ਉਹਨਾਂ ਨੂੰ ਅਮਾਲੇਕੀਆਂ ਤੋਂ ਲਿਆਏ ਸਨ। ਉਹਨਾਂ ਨੇ ਸਭ ਤੋਂ ਵਧੀਆ ਭੇਡਾਂ ਅਤੇ ਪਸ਼ੂਆਂ ਨੂੰ ਯਾਹਵੇਹ ਤੇਰੇ ਪਰਮੇਸ਼ਵਰ ਦੇ ਅੱਗੇ ਬਲੀ ਚੜ੍ਹਾਉਣ ਲਈ ਰੱਖ ਲਿਆ ਹੈ, ਪਰ ਅਸੀਂ ਬਾਕੀ ਸਭ ਕੁਝ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ।”
16ਤਦ ਸਮੂਏਲ ਨੇ ਸ਼ਾਊਲ ਨੂੰ ਆਖਿਆ, “ਬਹੁਤ ਹੋ ਗਿਆ, ਆਓ ਮੈਂ ਤੈਨੂੰ ਦੱਸਾਂ ਕਿ ਪਿਛਲੀ ਰਾਤ ਯਾਹਵੇਹ ਨੇ ਮੈਨੂੰ ਕੀ ਕਿਹਾ।” ਸ਼ਾਊਲ ਨੇ ਜਵਾਬ ਦਿੱਤਾ, “ਮੈਨੂੰ ਦੱਸੋ।”
17ਸਮੂਏਲ ਨੇ ਆਖਿਆ, “ਭਾਵੇਂ ਤੂੰ ਆਪਣੀ ਨਿਗਾਹ ਵਿੱਚ ਛੋਟਾ ਸੀ, ਕੀ ਤੂੰ ਇਸਰਾਏਲ ਦੇ ਗੋਤਾਂ ਦਾ ਮੁਖੀ ਨਹੀਂ ਬਣਿਆ? ਯਾਹਵੇਹ ਨੇ ਤੈਨੂੰ ਇਸਰਾਏਲ ਦਾ ਰਾਜਾ ਬਣਨ ਲਈ ਅਭਿਸ਼ੇਕ ਕੀਤਾ।
18ਅਤੇ ਉਸ ਨੇ ਤੁਹਾਨੂੰ ਇਹ ਕਹਿ ਕੇ ਇੱਕ ਮਿਸ਼ਨ ਉੱਤੇ ਭੇਜਿਆ, ‘ਕਿ ਜਾਹ ਅਤੇ ਉਹਨਾਂ ਦੁਸ਼ਟ ਲੋਕਾਂ ਅਰਥਾਤ ਅਮਾਲੇਕੀਆਂ ਨੂੰ ਪੂਰੀ ਤਰ੍ਹਾਂ ਨਾਸ਼ ਕਰ; ਉਹਨਾਂ ਦੇ ਵਿਰੁੱਧ ਉਦੋਂ ਤੱਕ ਯੁੱਧ ਕਰੋ ਜਦੋਂ ਤੱਕ ਤੁਸੀਂ ਉਹਨਾਂ ਦਾ ਸਫਾਇਆ ਨਹੀਂ ਕਰ ਦਿੰਦੇ।’
19ਫਿਰ ਤੂੰ ਯਾਹਵੇਹ ਦਾ ਹੁਕਮ ਕਿਉਂ ਨਹੀਂ ਮੰਨਿਆ? ਅਤੇ ਲੁੱਟ ਦੇ ਮਾਲ ਉੱਤੇ ਤੇਰਾ ਮਨ ਕਿਉਂ ਆ ਡਿੱਗਾ ਅਤੇ ਯਾਹਵੇਹ ਦੀ ਨਿਗਾਹ ਵਿੱਚ ਬੁਰਾਈ ਕਿਉਂ ਕੀਤੀ?”