1ਯਾਹਵੇਹ ਨੇ ਸਮੂਏਲ ਨੂੰ ਕਿਹਾ, “ਤੂੰ ਕਦੋਂ ਤੱਕ ਸ਼ਾਊਲ ਲਈ ਸੋਗ ਕਰਦਾ ਰਹੇਂਗਾ, ਕਿਉਂਕਿ ਮੈਂ ਉਸਨੂੰ ਇਸਰਾਏਲ ਦਾ ਰਾਜਾ ਹੋਣ ਤੋਂ ਤਿਆਗ ਦਿੱਤਾ ਹੈ? ਆਪਣੇ ਸਿੰਗ ਨੂੰ ਤੇਲ ਨਾਲ ਭਰ ਅਤੇ ਆਪਣੇ ਰਾਹ ਤੇ ਚੱਲ। ਮੈਂ ਤੈਨੂੰ ਬੈਤਲਹਮ ਦੇ ਯੱਸੀ ਕੋਲ ਭੇਜ ਰਿਹਾ ਹਾਂ ਅਤੇ ਮੈਂ ਉਸਦੇ ਪੁੱਤਰਾਂ ਵਿੱਚੋਂ ਇੱਕ ਨੂੰ ਰਾਜਾ ਬਣਨ ਲਈ ਚੁਣਿਆ ਹੈ।”
2ਪਰ ਸਮੂਏਲ ਨੇ ਆਖਿਆ, “ਮੈਂ ਕਿਵੇਂ ਜਾ ਸਕਦਾ ਹਾਂ? ਜੇਕਰ ਸ਼ਾਊਲ ਨੇ ਇਸ ਬਾਰੇ ਸੁਣਿਆ, ਤਾਂ ਉਹ ਮੈਨੂੰ ਮਾਰ ਦੇਵੇਗਾ।” ਯਾਹਵੇਹ ਨੇ ਕਿਹਾ, “ਆਪਣੇ ਨਾਲ ਇੱਕ ਵੱਛੀ ਲੈ ਕੇ ਜਾ ਅਤੇ ਆਖ, ‘ਮੈਂ ਯਾਹਵੇਹ ਨੂੰ ਬਲੀ ਚੜ੍ਹਾਉਣ ਲਈ ਆਇਆ ਹਾਂ।’
3ਜਦ ਤੂੰ ਬਲੀ ਚੜ੍ਹਾਵੇ ਤਾਂ ਯੱਸੀ ਨੂੰ ਸੱਦਾ ਦੇ ਫਿਰ ਜੋ ਤੂੰ ਕਰਨਾ ਹੈ ਮੈਂ ਤੈਨੂੰ ਦੱਸਾਂਗਾ। ਜਿਸ ਦਾ ਨਾਮ ਮੈਂ ਤੈਨੂੰ ਦੱਸਾਂ ਉਸ ਨੂੰ ਮੇਰੇ ਲਈ ਅਭਿਸ਼ੇਕ ਕਰ।”
4ਸਮੂਏਲ ਨੇ ਉਹੀ ਕੀਤਾ ਜੋ ਯਾਹਵੇਹ ਨੇ ਕਿਹਾ ਸੀ ਅਤੇ ਜਦੋਂ ਉਹ ਬੈਤਲਹਮ ਪਹੁੰਚਿਆ, ਤਾਂ ਸ਼ਹਿਰ ਦੇ ਬਜ਼ੁਰਗ ਉਸ ਦੇ ਆਉਣ ਤੋਂ ਕੰਬ ਗਏ। ਉਹਨਾਂ ਨੇ ਪੁੱਛਿਆ, “ਕੀ ਤੂੰ ਸ਼ਾਂਤੀ ਨਾਲ ਆਇਆ ਹੈ?”
5ਸਮੂਏਲ ਨੇ ਉੱਤਰ ਦਿੱਤਾ, “ਹਾਂ, ਮੈਂ ਸ਼ਾਂਤੀ ਨਾਲ ਆਇਆ ਹਾਂ; ਮੈਂ ਯਾਹਵੇਹ ਦੇ ਅੱਗੇ ਭੇਟ ਚੜ੍ਹਾਉਣ ਆਇਆ ਹਾਂ। ਆਪਣੇ ਆਪ ਨੂੰ ਪਵਿੱਤਰ ਕਰੋ ਅਤੇ ਮੇਰੇ ਨਾਲ ਭੇਟ ਚੜ੍ਹਾਉਣ ਲਈ ਆਓ।” ਫਿਰ ਉਸਨੇ ਯੱਸੀ ਅਤੇ ਉਸਦੇ ਪੁੱਤਰਾਂ ਨੂੰ ਪਵਿੱਤਰ ਕੀਤਾ ਅਤੇ ਉਹਨਾਂ ਨੂੰ ਬਲੀ ਲਈ ਬੁਲਾਇਆ।