35ਮੈਂ ਉਹ ਦੇ ਮਗਰ ਜਾ ਕੇ ਉਸ ਨੂੰ ਮਾਰਿਆ ਅਤੇ ਭੇਡਾਂ ਨੂੰ ਉਹ ਦੇ ਮੂੰਹੋਂ ਛੁਡਾਇਆ। ਜਦੋਂ ਉਸ ਨੇ ਮੇਰੇ ਉੱਤੇ ਹਮਲਾ ਕੀਤਾ, ਮੈਂ ਉਸਨੂੰ ਉਸਦੇ ਵਾਲਾਂ ਤੋਂ ਫੜ ਕੇ ਮਾਰਿਆ ਅਤੇ ਜਾਨੋਂ ਮਾਰ ਦਿੱਤਾ।
36ਤੇਰੇ ਸੇਵਕ ਨੇ ਸ਼ੇਰ ਅਤੇ ਰਿੱਛ ਦੋਹਾਂ ਨੂੰ ਮਾਰ ਦਿੱਤਾ ਹੈ। ਇਹ ਅਸੁੰਨਤੀ ਫ਼ਲਿਸਤੀ ਉਹਨਾਂ ਵਿੱਚੋਂ ਇੱਕ ਵਰਗਾ ਹੀ ਹੋਵੇਗਾ, ਕਿਉਂਕਿ ਉਸ ਨੇ ਜਿਉਂਦੇ ਪਰਮੇਸ਼ਵਰ ਦੀਆਂ ਫ਼ੌਜਾਂ ਨੂੰ ਸ਼ਰਮਿੰਦਾ ਕੀਤਾ ਹੈ।
37ਜਿਸ ਯਾਹਵੇਹ ਨੇ ਮੈਨੂੰ ਸ਼ੇਰ ਦੇ ਪੰਜੇ ਅਤੇ ਰਿੱਛ ਦੇ ਪੰਜੇ ਤੋਂ ਛੁਡਾਇਆ, ਉਹੀ ਮੈਨੂੰ ਇਸ ਫ਼ਲਿਸਤੀ ਦੇ ਹੱਥੋਂ ਛੁਡਾਵੇਗਾ।” ਸ਼ਾਊਲ ਨੇ ਦਾਵੀਦ ਨੂੰ ਕਿਹਾ, “ਜਾ, ਅਤੇ ਯਾਹਵੇਹ ਤੇਰੇ ਅੰਗ-ਸੰਗ ਹੋਵੇ।”
38ਤਦ ਸ਼ਾਊਲ ਨੇ ਦਾਵੀਦ ਨੂੰ ਆਪਣੀ ਕੁੜਤੀ ਪਹਿਨਾਈ। ਉਸਨੇ ਆਪਣੇ ਹਥਿਆਰ ਉਸਨੂੰ ਪਹਿਨਾਏ ਅਤੇ ਉਸ ਦੇ ਸਿਰ ਉੱਤੇ ਪਿੱਤਲ ਦਾ ਟੋਪ ਪਾਇਆ।
39ਅਤੇ ਦਾਵੀਦ ਨੇ ਆਪਣੀ ਤਲਵਾਰ ਸੰਜੋ ਉੱਤੇ ਬੰਨ੍ਹੀ ਅਤੇ ਤੁਰਨ ਦਾ ਜਤਨ ਕੀਤਾ ਕਿਉਂ ਜੋ ਉਸ ਨੇ ਇਨ੍ਹਾਂ ਨੂੰ ਕਦੇ ਪਹਿਨਿਆ ਨਹੀਂ ਸੀ। ਉਸਨੇ ਸ਼ਾਊਲ ਨੂੰ ਕਿਹਾ, “ਮੈਂ ਇਹਨਾਂ ਵਿੱਚ ਨਹੀਂ ਜਾ ਸਕਦਾ, ਕਿਉਂਕਿ ਮੈਂ ਇਹਨਾਂ ਦਾ ਆਦੀ ਨਹੀਂ ਹਾਂ।” ਇਸ ਲਈ ਉਸ ਨੇ ਉਹਨਾਂ ਨੂੰ ਉਤਾਰ ਦਿੱਤਾ।