7ਤਾਂ ਦਾਵੀਦ ਅਤੇ ਅਬੀਸ਼ਾਈ ਰਾਤ ਨੂੰ ਫ਼ੌਜ ਵਿੱਚ ਗਏ ਅਤੇ ਉੱਥੇ ਸ਼ਾਊਲ ਡੇਰੇ ਵਿੱਚ ਸੌਂ ਰਿਹਾ ਸੀ ਅਤੇ ਉਸਦੀ ਬਰਛੀ ਉਸਦੇ ਸਿਰ ਦੇ ਕੋਲ ਜ਼ਮੀਨ ਵਿੱਚ ਗੱਡੀ ਹੋਈ ਸੀ। ਅਬਨੇਰ ਅਤੇ ਸਿਪਾਹੀ ਉਸਦੇ ਆਲੇ-ਦੁਆਲੇ ਪਏ ਹੋਏ ਸਨ।
8ਅਬੀਸ਼ਾਈ ਨੇ ਦਾਵੀਦ ਨੂੰ ਆਖਿਆ, “ਅੱਜ ਪਰਮੇਸ਼ਵਰ ਨੇ ਤੇਰੇ ਦੁਸ਼ਮਣ ਨੂੰ ਤੇਰੇ ਹੱਥਾਂ ਵਿੱਚ ਦੇ ਦਿੱਤਾ ਹੈ। ਹੁਣ ਮੈਨੂੰ ਆਗਿਆ ਦੇ ਤਾਂ ਮੈਂ ਉਸਨੂੰ ਬਰਛੀ ਦੇ ਇੱਕੋ ਵਾਰ ਨਾਲ ਮਾਰ ਕੇ ਧਰਤੀ ਉੱਤੇ ਵਿੰਨ੍ਹ ਸੁੱਟਾਂ ਅਤੇ ਦੂਸਰੀ ਵਾਰ ਉਸਨੂੰ ਨਾ ਮਾਰਾਂਗਾ।”
9ਪਰ ਦਾਵੀਦ ਨੇ ਅਬੀਸ਼ਾਈ ਨੂੰ ਆਖਿਆ, “ਉਸ ਨੂੰ ਨਾਸ ਨਾ ਕਰ! ਕੌਣ ਹੈ ਯਾਹਵੇਹ ਦੇ ਮਸਹ ਕੀਤੇ ਹੋਏ ਉੱਤੇ ਹੱਥ ਚੁੱਕੇ ਅਤੇ ਨਿਰਦੋਸ਼ ਠਹਿਰ ਸਕਦਾ ਹੈ?
10ਜੀਉਂਦੇ ਯਾਹਵੇਹ ਦੀ ਸਹੁੰ,” ਦਾਵੀਦ ਨੇ ਕਿਹਾ, “ਯਾਹਵੇਹ ਆਪ ਹੀ ਉਸਨੂੰ ਮਾਰ ਦੇਵੇਗਾ, ਜਾਂ ਉਸਦਾ ਸਮਾਂ ਆਵੇਗਾ ਅਤੇ ਉਹ ਮਰ ਜਾਵੇਗਾ, ਜਾਂ ਉਹ ਲੜਾਈ ਵਿੱਚ ਜਾ ਕੇ ਮਰ ਜਾਵੇਗਾ।
11ਪਰ ਯਾਹਵੇਹ ਨਾ ਕਰੇ ਕਿ ਮੈਂ ਯਾਹਵੇਹ ਦੇ ਮਸਹ ਕੀਤੇ ਹੋਏ ਉੱਤੇ ਹੱਥ ਚਲਾਵਾਂ। ਹੁਣ ਉਹ ਬਰਛੀ ਅਤੇ ਪਾਣੀ ਦੀ ਗੜਵੀ ਜੋ ਉਸਦੇ ਸਿਰ ਦੇ ਨੇੜੇ ਹੈ, ਚੁੱਕ ਲੈ ਅਤੇ ਅਸੀਂ ਤੁਰ ਪਈਏ।”