15ਹੁਣ ਸ਼ਾਊਲ ਦੇ ਆਉਣ ਤੋਂ ਇੱਕ ਦਿਨ ਪਹਿਲਾਂ, ਯਾਹਵੇਹ ਨੇ ਸਮੂਏਲ ਨੂੰ ਇਹ ਆਖ ਦਿੱਤਾ ਸੀ:
16“ਕੱਲ੍ਹ ਇਸ ਸਮੇਂ ਦੇ ਵਿੱਚ ਮੈਂ ਬਿਨਯਾਮੀਨ ਦੇ ਦੇਸ਼ ਵਿੱਚੋਂ ਇੱਕ ਆਦਮੀ ਨੂੰ ਤੇਰੇ ਕੋਲ ਭੇਜਾਂਗਾ। ਉਸ ਨੂੰ ਮੇਰੇ ਲੋਕਾਂ ਇਸਰਾਏਲਿਆ ਉੱਤੇ ਰਾਜਾ ਮਸਹ ਕਰਨਾ; ਉਹ ਉਹਨਾਂ ਨੂੰ ਫ਼ਲਿਸਤੀਆਂ ਦੇ ਹੱਥੋਂ ਛੁਡਾਵੇਗਾ। ਮੈਂ ਆਪਣੇ ਲੋਕਾਂ ਵੱਲ ਤੱਕਿਆ ਹੈ, ਕਿਉਂਕਿ ਉਹਨਾਂ ਦੀ ਦੁਹਾਈ ਮੇਰੇ ਤੱਕ ਪਹੁੰਚੀ ਹੈ।”
17ਜਦੋਂ ਸਮੂਏਲ ਨੇ ਸ਼ਾਊਲ ਨੂੰ ਵੇਖਿਆ, ਤਾਂ ਯਾਹਵੇਹ ਨੇ ਉਸਨੂੰ ਕਿਹਾ, “ਇਹ ਉਹ ਆਦਮੀ ਹੈ ਜਿਸ ਬਾਰੇ ਮੈਂ ਤੇਰੇ ਨਾਲ ਗੱਲ ਕੀਤੀ ਸੀ। ਉਹ ਮੇਰੇ ਲੋਕਾਂ ਉੱਤੇ ਰਾਜ ਕਰੇਗਾ।”
18ਸ਼ਾਊਲ ਦਰਵਾਜ਼ੇ ਵਿੱਚ ਸਮੂਏਲ ਦੇ ਕੋਲ ਜਾ ਪਹੁੰਚਿਆ ਅਤੇ ਉਸਨੂੰ ਪੁੱਛਿਆ, “ਮੈਨੂੰ ਦੱਸੋ ਕਿ ਦਰਸ਼ੀ ਦਾ ਘਰ ਕਿੱਥੇ ਹੈ?”
19ਸਮੂਏਲ ਨੇ ਸ਼ਾਊਲ ਨੂੰ ਉੱਤਰ ਦਿੱਤਾ, “ਮੈਂ ਦਰਸ਼ੀ ਹਾਂ! ਮੇਰੇ ਅੱਗੇ ਉੱਚੇ ਸਥਾਨ ਉੱਤੇ ਚੱਲ, ਕਿਉਂਕਿ ਅੱਜ ਤੂੰ ਮੇਰੇ ਨਾਲ ਖਾਣਾ ਹੈ ਅਤੇ ਸਵੇਰ ਨੂੰ ਮੈਂ ਤੈਨੂੰ ਤੇਰੇ ਰਸਤੇ ਵਿੱਚ ਭੇਜਾਂਗਾ ਅਤੇ ਜੋ ਕੁਝ ਤੇਰੇ ਦਿਲ ਵਿੱਚ ਹੈ ਤੈਨੂੰ ਦੱਸਾਂਗਾ।