4ਪਰ ਅੱਸ਼ੂਰ ਦੇ ਰਾਜੇ ਨੂੰ ਪਤਾ ਲੱਗਾ ਕਿ ਹੋਸ਼ੇਆ ਇੱਕ ਗੱਦਾਰ ਸੀ, ਕਿਉਂਕਿ ਉਸਨੇ ਮਿਸਰ ਦੇ ਰਾਜੇ ਸੋਆ ਕੋਲ ਦੂਤ ਭੇਜੇ ਸਨ ਅਤੇ ਉਸਨੇ ਹੁਣ ਅੱਸ਼ੂਰ ਦੇ ਰਾਜੇ ਨੂੰ ਟੈਕਸ ਨਹੀਂ ਚੁਕਾਇਆ, ਜਿਵੇਂ ਉਹ ਹਰ ਸਾਲ ਕਰਦਾ ਸੀ। ਇਸ ਲਈ ਸ਼ਾਲਮਾਨੇਸਰ ਨੇ ਉਸਨੂੰ ਫੜ ਲਿਆ ਅਤੇ ਕੈਦ ਵਿੱਚ ਪਾ ਦਿੱਤਾ।
5ਅੱਸ਼ੂਰ ਦੇ ਰਾਜਾ ਨੇ ਸਾਮਰਿਯਾ ਦੇ ਵਿਰੁੱਧ ਕੂਚ ਕੀਤਾ ਅਤੇ ਸਾਮਰਿਯਾ ਦੇ ਵਿਰੁੱਧ ਚੜ੍ਹਾਈ ਕੀਤੀ, ਅਤੇ ਤਿੰਨ ਸਾਲਾਂ ਤੱਕ ਉਸਨੂੰ ਘੇਰਾ ਪਾ ਰੱਖਿਆ।
6ਹੋਸ਼ੇਆ ਦੇ ਨੌਵੇਂ ਸਾਲ ਵਿੱਚ ਅੱਸ਼ੂਰ ਦੇ ਰਾਜੇ ਨੇ ਸਾਮਰਿਯਾ ਉੱਤੇ ਕਬਜ਼ਾ ਕਰ ਲਿਆ ਅਤੇ ਇਸਰਾਏਲੀਆਂ ਨੂੰ ਅੱਸ਼ੂਰ ਵਿੱਚ ਭੇਜ ਦਿੱਤਾ। ਉਸ ਨੇ ਉਹਨਾਂ ਨੂੰ ਹਲਾਹ ਵਿੱਚ, ਹਾਬੋਰ ਨਦੀ ਦੇ ਕੰਢੇ ਗੋਜ਼ਾਨ ਵਿੱਚ ਅਤੇ ਮਾਦੀਆਂ ਦੇ ਨਗਰਾਂ ਵਿੱਚ ਵਸਾਇਆ।
7ਇਹ ਸਭ ਕੁਝ ਇਸ ਲਈ ਵਾਪਰਿਆ ਕਿਉਂਕਿ ਇਸਰਾਏਲੀਆਂ ਨੇ ਯਾਹਵੇਹ ਆਪਣੇ ਪਰਮੇਸ਼ਵਰ ਦੇ ਵਿਰੁੱਧ ਪਾਪ ਕੀਤਾ ਸੀ, ਜਿਸ ਨੇ ਉਹਨਾਂ ਨੂੰ ਮਿਸਰ ਦੇ ਰਾਜੇ ਫ਼ਿਰਾਊਨ ਦੇ ਰਾਜ ਵਿੱਚੋਂ ਬਾਹਰ ਕੱਢਿਆ ਸੀ। ਉਹ ਦੂਜੇ ਦੇਵਤਿਆਂ ਦੀ ਉਪਾਸਨਾ ਕਰਦੇ ਸਨ
8ਅਤੇ ਉਹਨਾਂ ਕੌਮਾਂ ਦੇ ਰੀਤੀ ਰਿਵਾਜਾਂ ਦੀ ਪਾਲਣਾ ਕਰਦੇ ਸਨ ਜਿਨ੍ਹਾਂ ਨੂੰ ਯਾਹਵੇਹ ਨੇ ਉਹਨਾਂ ਤੋਂ ਪਹਿਲਾਂ ਕੱਢ ਦਿੱਤਾ ਸੀ, ਅਤੇ ਨਾਲ ਹੀ ਉਹਨਾਂ ਰੀਤਾਂ ਦੀ ਪਾਲਣਾ ਕੀਤੀ ਜੋ ਇਸਰਾਏਲ ਦੇ ਰਾਜਿਆਂ ਨੇ ਸ਼ੁਰੂ ਕੀਤੀਆਂ ਸਨ।