6ਹੋਸ਼ੇਆ ਦੇ ਨੌਵੇਂ ਸਾਲ ਵਿੱਚ ਅੱਸ਼ੂਰ ਦੇ ਰਾਜੇ ਨੇ ਸਾਮਰਿਯਾ ਉੱਤੇ ਕਬਜ਼ਾ ਕਰ ਲਿਆ ਅਤੇ ਇਸਰਾਏਲੀਆਂ ਨੂੰ ਅੱਸ਼ੂਰ ਵਿੱਚ ਭੇਜ ਦਿੱਤਾ। ਉਸ ਨੇ ਉਹਨਾਂ ਨੂੰ ਹਲਾਹ ਵਿੱਚ, ਹਾਬੋਰ ਨਦੀ ਦੇ ਕੰਢੇ ਗੋਜ਼ਾਨ ਵਿੱਚ ਅਤੇ ਮਾਦੀਆਂ ਦੇ ਨਗਰਾਂ ਵਿੱਚ ਵਸਾਇਆ।
7ਇਹ ਸਭ ਕੁਝ ਇਸ ਲਈ ਵਾਪਰਿਆ ਕਿਉਂਕਿ ਇਸਰਾਏਲੀਆਂ ਨੇ ਯਾਹਵੇਹ ਆਪਣੇ ਪਰਮੇਸ਼ਵਰ ਦੇ ਵਿਰੁੱਧ ਪਾਪ ਕੀਤਾ ਸੀ, ਜਿਸ ਨੇ ਉਹਨਾਂ ਨੂੰ ਮਿਸਰ ਦੇ ਰਾਜੇ ਫ਼ਿਰਾਊਨ ਦੇ ਰਾਜ ਵਿੱਚੋਂ ਬਾਹਰ ਕੱਢਿਆ ਸੀ। ਉਹ ਦੂਜੇ ਦੇਵਤਿਆਂ ਦੀ ਉਪਾਸਨਾ ਕਰਦੇ ਸਨ
8ਅਤੇ ਉਹਨਾਂ ਕੌਮਾਂ ਦੇ ਰੀਤੀ ਰਿਵਾਜਾਂ ਦੀ ਪਾਲਣਾ ਕਰਦੇ ਸਨ ਜਿਨ੍ਹਾਂ ਨੂੰ ਯਾਹਵੇਹ ਨੇ ਉਹਨਾਂ ਤੋਂ ਪਹਿਲਾਂ ਕੱਢ ਦਿੱਤਾ ਸੀ, ਅਤੇ ਨਾਲ ਹੀ ਉਹਨਾਂ ਰੀਤਾਂ ਦੀ ਪਾਲਣਾ ਕੀਤੀ ਜੋ ਇਸਰਾਏਲ ਦੇ ਰਾਜਿਆਂ ਨੇ ਸ਼ੁਰੂ ਕੀਤੀਆਂ ਸਨ।
9ਇਸਰਾਏਲੀਆਂ ਨੇ ਗੁਪਤ ਰੂਪ ਵਿੱਚ ਆਪਣੇ ਪਰਮੇਸ਼ਵਰ ਦੇ ਵਿਰੁੱਧ ਉਹ ਕੰਮ ਕੀਤੇ ਜੋ ਸਹੀ ਨਹੀਂ ਸਨ। ਪਹਿਰੇਦਾਰਾਂ ਤੋਂ ਲੈ ਕੇ ਕਿਲਾਬੰਦ ਸ਼ਹਿਰ ਥੱਕ ਕੇ ਉਹਨਾਂ ਨੇ ਆਪਣੇ ਸਾਰੇ ਕਸਬਿਆਂ ਵਿੱਚ ਉੱਚੇ ਸਥਾਨ ਬਣਾਏ।
10ਉਹਨਾਂ ਨੇ ਹਰ ਉੱਚੀ ਪਹਾੜੀ ਉੱਤੇ ਅਤੇ ਹਰ ਫੈਲੇ ਹੋਏ ਰੁੱਖ ਦੇ ਹੇਠਾਂ ਪਵਿੱਤਰ ਪੱਥਰ ਅਤੇ ਅਸ਼ੇਰਾਹ ਦੇ ਥੰਮ੍ਹ ਖੜੇ ਕੀਤੇ।