9ਰਾਜਾ ਹਿਜ਼ਕੀਯਾਹ ਦੇ ਚੌਥੇ ਸਾਲ ਵਿੱਚ, ਜੋ ਇਸਰਾਏਲ ਦੇ ਰਾਜਾ ਏਲਾਹ ਦੇ ਪੁੱਤਰ ਹੋਸ਼ੇਆ ਦਾ ਸੱਤਵਾਂ ਸਾਲ ਸੀ, ਅੱਸ਼ੂਰ ਦੇ ਰਾਜਾ ਸ਼ਾਲਮਨੇਸਰ ਨੇ ਸਾਮਰਿਯਾ ਦੇ ਵਿਰੁੱਧ ਚੜ੍ਹਾਈ ਕੀਤੀ ਅਤੇ ਉਸ ਨੂੰ ਘੇਰਾ ਪਾ ਲਿਆ।
10ਤਿੰਨ ਸਾਲਾਂ ਦੇ ਅੰਤ ਵਿੱਚ ਅੱਸ਼ੂਰੀਆਂ ਨੇ ਇਸਨੂੰ ਲੈ ਲਿਆ। ਇਵੇਂ ਸਾਮਰਿਯਾ ਉੱਤੇ ਹਿਜ਼ਕੀਯਾਹ ਦੇ ਛੇਵੇਂ ਸਾਲ ਵਿੱਚ ਜੋ ਇਸਰਾਏਲ ਦੇ ਪਾਤਸ਼ਾਹ ਹੋਸ਼ੇਆ ਦੇ ਰਾਜ ਦਾ ਨੌਵਾਂ ਸਾਲ ਸੀ, ਉੱਤੇ ਕਬਜ਼ਾ ਕਰ ਲਿਆ ਗਿਆ।
11ਅੱਸ਼ੂਰ ਦੇ ਰਾਜਾ ਇਸਰਾਏਲੀਆਂ ਨੂੰ ਅੱਸ਼ੂਰ ਵਿੱਚ ਗੁਲਾਮ ਬਣਾ ਕੇ ਲੈ ਗਿਆ ਅਤੇ ਉਹਨਾਂ ਨੂੰ ਹਲਾਹ ਵਿੱਚ, ਹਾਬੋਰ ਨਦੀ ਦੇ ਕੰਢੇ ਗੋਜ਼ਾਨ ਵਿੱਚ ਅਤੇ ਮਾਦੀਆਂ ਦੇ ਕਸਬਿਆਂ ਵਿੱਚ ਵਸਾਇਆ।
12ਇਹ ਇਸ ਲਈ ਵਾਪਰਿਆ ਕਿਉਂਕਿ ਉਹਨਾਂ ਨੇ ਯਾਹਵੇਹ ਆਪਣੇ ਪਰਮੇਸ਼ਵਰ ਦਾ ਹੁਕਮ ਨਹੀਂ ਮੰਨਿਆ ਸੀ, ਪਰ ਉਹ ਸਭ ਜੋ ਯਾਹਵੇਹ ਦੇ ਸੇਵਕ ਮੋਸ਼ੇਹ ਨੇ ਹੁਕਮ ਦਿੱਤਾ ਸੀ, ਉਸਦੇ ਨੇਮ ਦੀ ਉਲੰਘਣਾ ਕੀਤੀ ਸੀ। ਉਹਨਾਂ ਨੇ ਨਾ ਤਾਂ ਹੁਕਮ ਸੁਣੇ ਅਤੇ ਨਾ ਹੀ ਉਹਨਾਂ ਦੀ ਪਾਲਣਾ ਕੀਤੀ।
13ਰਾਜਾ ਹਿਜ਼ਕੀਯਾਹ ਦੇ ਰਾਜ ਦੇ ਚੌਦਵੇਂ ਸਾਲ ਵਿੱਚ, ਅੱਸ਼ੂਰ ਦੇ ਰਾਜੇ ਸਨਹੇਰੀਬ ਨੇ ਯਹੂਦਾਹ ਦੇ ਸਾਰੇ ਗੜ੍ਹ ਵਾਲੇ ਸ਼ਹਿਰਾਂ ਉੱਤੇ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ।