7ਉਸਨੇ ਅਸ਼ੇਰਾਹ ਦੀ ਉੱਕਰੀ ਹੋਈ ਮੂਰਤ ਨੂੰ ਲੈ ਕੇ ਉਸ ਭਵਨ ਵਿੱਚ ਰੱਖ ਦਿੱਤਾ, ਜਿਸ ਬਾਰੇ ਯਾਹਵੇਹ ਨੇ ਦਾਵੀਦ ਅਤੇ ਉਸਦੇ ਪੁੱਤਰ ਸ਼ਲੋਮੋਨ ਨੂੰ ਕਿਹਾ ਸੀ, “ਇਸ ਭਵਨ ਵਿੱਚ ਅਤੇ ਯੇਰੂਸ਼ਲੇਮ ਵਿੱਚ ਜਿਸ ਨੂੰ ਮੈਂ ਇਸਰਾਏਲ ਦੀਆਂ ਸਾਰਿਆਂ ਗੋਤਾਂ ਵਿੱਚੋਂ ਚੁਣ ਲਿਆ ਹੈ ਮੈਂ ਆਪਣਾ ਨਾਮ ਸਦਾ ਲਈ ਰੱਖਾਂਗਾ।
8ਮੈਂ ਇਸਰਾਏਲੀਆਂ ਦੇ ਪੈਰਾਂ ਨੂੰ ਉਸ ਧਰਤੀ ਤੋਂ ਭਟਕਣ ਨਹੀਂ ਦਿਆਂਗਾ, ਜਿਹੜੀ ਮੈਂ ਉਹਨਾਂ ਦੇ ਪੁਰਖਿਆਂ ਨੂੰ ਦਿੱਤੀ ਸੀ, ਜੇਕਰ ਉਹ ਉਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣ ਜਿਨ੍ਹਾਂ ਦਾ ਮੈਂ ਉਹਨਾਂ ਨੂੰ ਹੁਕਮ ਦਿੱਤਾ ਸੀ ਅਤੇ ਉਸ ਸਾਰੀ ਬਿਵਸਥਾ ਦੀ ਪਾਲਣਾ ਕਰਨ ਜੋ ਮੇਰੇ ਸੇਵਕ ਮੋਸ਼ੇਹ ਨੇ ਉਹਨਾਂ ਨੂੰ ਦਿੱਤੀ ਸੀ।”
9ਪਰ ਲੋਕਾਂ ਨੇ ਨਾ ਸੁਣੀ। ਮਨੱਸ਼ੇਹ ਨੇ ਉਹਨਾਂ ਨੂੰ ਕੁਰਾਹੇ ਪਾ ਦਿੱਤਾ, ਇਸ ਲਈ ਉਹਨਾਂ ਨੇ ਉਹਨਾਂ ਕੌਮਾਂ ਨਾਲੋਂ ਵੱਧ ਬੁਰਾਈਆਂ ਕੀਤੀਆਂ ਜਿਨ੍ਹਾਂ ਨੂੰ ਯਾਹਵੇਹ ਨੇ ਇਸਰਾਏਲੀਆਂ ਦੇ ਸਾਹਮਣੇ ਤਬਾਹ ਕੀਤਾ ਸੀ।
10ਯਾਹਵੇਹ ਨੇ ਆਪਣੇ ਸੇਵਕਾਂ ਨਬੀਆਂ ਰਾਹੀਂ ਕਿਹਾ:
11“ਯਹੂਦਾਹ ਦੇ ਰਾਜੇ ਮਨੱਸ਼ੇਹ ਨੇ ਇਹ ਘਿਣਾਉਣੇ ਪਾਪ ਕੀਤੇ ਹਨ। ਉਸ ਨੇ ਅਮੋਰੀਆਂ ਨਾਲੋਂ ਵੀ ਵੱਧ ਬੁਰਿਆਈ ਕੀਤੀ ਹੈ ਜੋ ਉਸ ਤੋਂ ਪਹਿਲਾਂ ਸਨ ਅਤੇ ਯਹੂਦਾਹ ਨੂੰ ਆਪਣੀਆਂ ਮੂਰਤੀਆਂ ਨਾਲ ਪਾਪ ਵੱਲ ਲੈ ਗਿਆ।