1ਯੋਸ਼ੀਯਾਹ ਅੱਠ ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸਨੇ ਯੇਰੂਸ਼ਲੇਮ ਵਿੱਚ ਇਕੱਤੀ ਸਾਲ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਯੇਦਿਦਾਹ ਸੀ ਜੋ ਅਦਾਯਾਹ ਦੀ ਧੀ ਸੀ। ਉਹ ਬੋਜ਼ਕਾਥ ਨਗਰ ਤੋਂ ਸੀ।
2ਉਸਨੇ ਉਹੀ ਕੀਤਾ ਜੋ ਯਾਹਵੇਹ ਦੀ ਨਿਗਾਹ ਵਿੱਚ ਸਹੀ ਸੀ ਅਤੇ ਪੂਰੀ ਤਰ੍ਹਾਂ ਆਪਣੇ ਪਿਤਾ ਦਾਵੀਦ ਦੇ ਸਾਰੇ ਰਾਹਾਂ ਉੱਤੇ ਚੱਲਦਾ ਰਿਹਾ, ਨਾ ਸੱਜੇ ਅਤੇ ਨਾ ਖੱਬੇ ਪਾਸੇ ਮੁੜਿਆ।
3ਯੋਸ਼ੀਯਾਹ ਪਾਤਸ਼ਾਹ ਦੇ ਅਠਾਰਵੇਂ ਵਰ੍ਹੇ ਐਉਂ ਹੋਇਆ ਭਈ ਪਾਤਸ਼ਾਹ ਨੇ ਮਸ਼ੁੱਲਾਮ ਦੇ ਪੋਤਰੇ ਅਸਲਯਾਹ ਦੇ ਪੁੱਤਰ ਸ਼ਾਫਾਨ ਮੁਨੀਮ ਨੂੰ ਯਾਹਵੇਹ ਦੇ ਭਵਨ ਨੂੰ ਇਹ ਆਖ ਕੇ ਘੱਲਿਆ:
4“ਹਿਲਕੀਯਾਹ ਪ੍ਰਧਾਨ ਜਾਜਕ ਕੋਲ ਜਾਹ ਕਿ ਉਹ ਉਸ ਰੁਪਏ ਨੂੰ ਜੋ ਯਾਹਵੇਹ ਦੇ ਭਵਨ ਵਿੱਚ ਲਿਆਇਆ ਜਾਂਦਾ ਹੈ ਅਤੇ ਜਿਸ ਨੂੰ ਫਾਟਕ ਦੇ ਪਹਿਰੇਦਾਰਾਂ ਨੇ ਲੋਕਾਂ ਕੋਲੋਂ ਇਕੱਠਾ ਕੀਤਾ ਹੈ ਗਿਣੇ।