1ਫਿਰ ਰਾਜਾ ਨੇ ਸੁਨੇਹਾ ਭੇਜ ਕੇ ਯਹੂਦਾਹ ਅਤੇ ਯੇਰੂਸ਼ਲੇਮ ਦੇ ਸਾਰੇ ਬਜ਼ੁਰਗਾਂ ਨੂੰ ਇਕੱਠਾ ਕੀਤਾ।
2ਉਹ ਯਹੂਦਾਹ ਦੇ ਲੋਕਾਂ, ਯੇਰੂਸ਼ਲੇਮ ਦੇ ਵਾਸੀਆਂ, ਜਾਜਕਾਂ ਅਤੇ ਨਬੀਆਂ, ਛੋਟੇ ਤੋਂ ਵੱਡੇ ਤੱਕ ਸਾਰੇ ਲੋਕਾਂ ਦੇ ਨਾਲ ਯਾਹਵੇਹ ਦੇ ਭਵਨ ਵਿੱਚ ਗਿਆ। ਉਸ ਨੇ ਉਹਨਾਂ ਨੂੰ ਇਕਰਾਰਨਾਮੇ ਦੀ ਪੋਥੀ ਦੇ ਸਾਰੇ ਸ਼ਬਦ ਪੜ੍ਹ ਕੇ ਸੁਣਾਏ, ਜੋ ਯਾਹਵੇਹ ਦੇ ਭਵਨ ਵਿੱਚ ਪਾਏ ਗਏ ਸਨ।
3ਰਾਜਾ ਥੰਮ੍ਹ ਦੇ ਉੱਤੇ ਖਲੋ ਗਿਆ ਅਤੇ ਉਸ ਨੇ ਯਾਹਵੇਹ ਦੀ ਹਜ਼ੂਰੀ ਵਿੱਚ ਇੱਕ ਨੇਮ ਬੰਨ੍ਹਿਆ ਕਿ ਅਸੀਂ ਯਾਹਵੇਹ ਦੇ ਪਿੱਛੇ ਤੁਰਾਂਗੇ ਅਤੇ ਉਸ ਦੇ ਹੁਕਮਾਂ, ਨਿਯਮਾਂ ਅਤੇ ਫ਼ਰਮਾਨਾਂ ਨੂੰ ਆਪਣੇ ਸਾਰੇ ਦਿਲ ਅਤੇ ਆਪਣੀ ਸਾਰੀ ਜਾਨ ਨਾਲ ਮੰਨਾਂਗੇ ਨਾਲੇ ਉਸ ਨੇਮ ਦੀਆਂ ਗੱਲਾਂ ਨੂੰ ਜੋ ਉਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪੂਰਾਂ ਕਰਾਂਗੇ ਤਾਂ ਸਾਰੇ ਲੋਕਾਂ ਨੇ ਉਸ ਨੇਮ ਨੂੰ ਮੰਨ ਲਿਆ।