12ਉਸਨੇ ਉਹਨਾਂ ਜਗਵੇਦੀਆਂ ਨੂੰ ਢਾਹ ਦਿੱਤਾ ਜੋ ਯਹੂਦਾਹ ਦੇ ਰਾਜਿਆਂ ਨੇ ਆਹਾਜ਼ ਦੇ ਚੁਬਾਰੇ ਦੇ ਕੋਲ ਛੱਤ ਉੱਤੇ ਬਣਾਈਆਂ ਸਨ ਅਤੇ ਉਹ ਜਗਵੇਦੀਆਂ ਜਿਹੜੀਆਂ ਮਨੱਸ਼ੇਹ ਨੇ ਯਾਹਵੇਹ ਦੇ ਭਵਨ ਦੇ ਦੋਹਾਂ ਵਿਹੜਿਆਂ ਵਿੱਚ ਬਣਾਈਆਂ ਸਨ। ਉਸ ਨੇ ਉਹਨਾਂ ਨੂੰ ਉੱਥੋਂ ਹਟਾ ਦਿੱਤਾ, ਉਹਨਾਂ ਦੇ ਟੁਕੜੇ-ਟੁਕੜੇ ਕਰ ਦਿੱਤੇ ਅਤੇ ਮਲਬਾ ਕਿਦਰੋਨ ਘਾਟੀ ਵਿੱਚ ਸੁੱਟ ਦਿੱਤਾ।
13ਪਹਿਲਾਂ ਸ਼ਲੋਮੋਨ ਪਾਤਸ਼ਾਹ ਨੇ ਯੇਰੂਸ਼ਲੇਮ ਦੇ ਪਹਾੜੀ ਦੇ ਦੱਖਣ ਵਾਲੇ ਪਾਸੇ ਵੀ ਉੱਚੀਆਂ ਥਾਵਾਂ ਬਣਾਈਆਂ ਸਨ। ਇਹ ਇਸਰਾਏਲ ਦੇ ਰਾਜੇ ਸ਼ਲੋਮੋਨ ਦੁਆਰਾ ਸੀਦੋਨ ਦੀ ਭਿਆਨਕ ਦੇਵੀ ਅਸ਼ਤਾਰੋਥ ਅਤੇ ਮੋਆਬ ਦੇ ਦੇਵਤੇ ਕਮੋਸ਼ ਅਤੇ ਅੰਮੋਨੀਆਂ ਦੇ ਮਿਲਕੋਮ ਦੇ ਸਤਿਕਾਰ ਵਿੱਚ ਬਣਾਈਆਂ ਗਈਆਂ ਸਨ, ਤਾਂ ਜੋ ਉਹ ਉਹਨਾਂ ਘਿਣਾਉਂਣੇ ਦੇਵਤਿਆਂ ਦੀ ਅਰਾਧਨਾ ਤੇ ਸਨਮਾਨ ਕਰ ਸਕਣ। ਪਰ ਯੋਸ਼ੀਯਾਹ ਪਾਤਸ਼ਾਹ ਨੇ ਇਹ ਸਾਰੀਆਂ ਅਰਾਧਨਾ ਦੀਆਂ ਉੱਚੀਆਂ ਥਾਵਾਂ ਨੂੰ ਨਸ਼ਟ ਕਰਵਾ ਦਿੱਤਾ।
14ਯੋਸਿਆਹ ਨੇ ਪਵਿੱਤਰ ਪੱਥਰਾਂ ਨੂੰ ਤੋੜ ਦਿੱਤਾ ਅਤੇ ਅਸ਼ੇਰਾਹ ਦੇ ਖੰਭਿਆਂ ਨੂੰ ਕੱਟ ਦਿੱਤਾ ਅਤੇ ਸਥਾਨਾਂ ਨੂੰ ਮਨੁੱਖੀ ਹੱਡੀਆਂ ਨਾਲ ਢੱਕ ਦਿੱਤਾ।
15ਇੱਥੋਂ ਤੱਕ ਕਿ ਬੈਤਏਲ ਦੀ ਜਗਵੇਦੀ, ਨੇਬਾਥ ਦੇ ਪੁੱਤਰ ਯਾਰਾਬੁਆਮ ਦੁਆਰਾ ਬਣਾਈ ਗਈ ਉੱਚੀ ਥਾਂ, ਜਿਸ ਨੇ ਇਸਰਾਏਲ ਤੋਂ ਪਾਪ ਕਰਾਇਆ ਸੀ, ਇੱਥੋਂ ਤੱਕ ਕਿ ਉਹ ਜਗਵੇਦੀ ਅਤੇ ਉੱਚੀ ਥਾਂ ਵੀ ਉਸ ਨੇ ਢਾਹ ਦਿੱਤੀ ਸੀ। ਉਸ ਨੇ ਉੱਚੀ ਥਾਂ ਨੂੰ ਸਾੜ ਦਿੱਤਾ ਅਤੇ ਉਸ ਨੂੰ ਪੀਹ ਨੂੰ ਚੂਰ-ਚੂਰ ਕਰ ਦਿੱਤਾ ਅਤੇ ਅਸ਼ੇਰਾਹ ਦੇ ਥੰਮ ਨੂੰ ਵੀ ਸਾੜ ਦਿੱਤਾ।
16ਅਤੇ ਜਦ ਯੋਸ਼ੀਯਾਹ ਮੁੜਿਆ ਅਰ ਉਹ ਕਬਰਾਂ ਜੋ ਪਹਾੜ ਵਿੱਚ ਸਨ ਦੇਖੀਆਂ ਤਾਂ ਉਸ ਨੇ ਲੋਕ ਭੇਜ ਕੇ ਕਬਰਾਂ ਵਿੱਚੋਂ ਹੱਡੀਆਂ ਕਢਵਾਈਆਂ ਅਤੇ ਜਗਵੇਦੀ ਉੱਤੇ ਉਹਨਾਂ ਨੂੰ ਸਾੜ ਕੇ ਉਸ ਨੂੰ ਭਰਿਸ਼ਟ ਕੀਤਾ। ਇਹ ਯਾਹਵੇਹ ਦੇ ਬਚਨ ਦੇ ਅਨੁਸਾਰ ਹੋਇਆ ਜਿਹ ਦਾ ਪਰਮੇਸ਼ਵਰ ਦੇ ਜਨ ਨੇ ਪਰਚਾਰ ਕੀਤਾ ਜਿਸ ਨੇ ਇਸ ਵਾਰਤਾਂ ਦਾ ਵੀ ਪਰਚਾਰ ਕੀਤਾ ਸੀ।