25ਨਾ ਤਾਂ ਯੋਸ਼ੀਯਾਹ ਤੋਂ ਪਹਿਲਾਂ ਅਤੇ ਨਾ ਹੀ ਬਾਅਦ ਵਿੱਚ ਉਸ ਵਰਗਾ ਕੋਈ ਰਾਜਾ ਸੀ ਜਿਸ ਨੇ ਆਪਣੇ ਸਾਰੇ ਦਿਲ ਅਤੇ ਆਪਣੀ ਪੂਰੀ ਜਾਨ ਅਤੇ ਆਪਣੀ ਪੂਰੀ ਤਾਕਤ ਨਾਲ, ਮੋਸ਼ੇਹ ਦੇ ਸਾਰੇ ਕਾਨੂੰਨ ਦੇ ਅਨੁਸਾਰ ਯਾਹਵੇਹ ਵੱਲ ਮੁੜਿਆ ਸੀ।
26ਤਾਂ ਵੀ ਮਨੱਸ਼ੇਹ ਦਿਆਂ ਭੜਕਾਉਣ ਵਾਲਿਆਂ ਕੰਮਾਂ ਦੇ ਕਾਰਨ ਜਿਨ੍ਹਾਂ ਤੋਂ ਉਸ ਨੇ ਯਾਹਵੇਹ ਦੇ ਗੁੱਸੇ ਨੂੰ ਭੜਕਾਇਆ ਸੀ ਯਾਹਵੇਹ ਆਪਣੇ ਡਾਢੇ ਕ੍ਰੋਧ ਤੋਂ ਜਿਸ ਦੇ ਨਾਲ ਉਸ ਦਾ ਗੁੱਸਾ ਯਹੂਦਾਹ ਤੇ ਭੜਕਿਆ ਸੀ ਨਾ ਮੁੜਿਆ।
27ਇਸ ਲਈ ਯਾਹਵੇਹ ਨੇ ਕਿਹਾ, “ਮੈਂ ਯਹੂਦਾਹ ਨੂੰ ਵੀ ਆਪਣੀ ਮੌਜੂਦਗੀ ਤੋਂ ਹਟਾ ਦਿਆਂਗਾ ਜਿਵੇਂ ਮੈਂ ਇਸਰਾਏਲ ਨੂੰ ਹਟਾ ਦਿੱਤਾ ਸੀ, ਅਤੇ ਮੈਂ ਯੇਰੂਸ਼ਲੇਮ, ਜਿਸ ਸ਼ਹਿਰ ਨੂੰ ਮੈਂ ਚੁਣਿਆ ਸੀ, ਅਤੇ ਇਸ ਭਵਨ ਨੂੰ ਰੱਦ ਕਰ ਦਿਆਂਗਾ, ਜਿਸ ਬਾਰੇ ਮੈਂ ਕਿਹਾ ਸੀ, ‘ਮੇਰਾ ਨਾਮ ਉੱਥੇ ਹੋਵੇਗਾ।’ ”
28ਯੋਸ਼ੀਯਾਹ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਜੋ ਕੁਝ ਉਸ ਨੇ ਕੀਤਾ, ਕੀ ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਦਰਜ ਨਹੀਂ ਹਨ?
29ਜਦੋਂ ਯੋਸ਼ੀਯਾਹ ਰਾਜਾ ਸੀ, ਮਿਸਰ ਦਾ ਰਾਜਾ ਫ਼ਿਰਾਊਨ ਨੇਕੋ ਅੱਸ਼ੂਰ ਦੇ ਰਾਜੇ ਦੀ ਮਦਦ ਕਰਨ ਲਈ ਫ਼ਰਾਤ ਦਰਿਆ ਉੱਤੇ ਚੜ੍ਹ ਗਿਆ। ਰਾਜਾ ਯੋਸ਼ੀਯਾਹ ਲੜਾਈ ਵਿੱਚ ਉਸ ਨੂੰ ਮਿਲਣ ਲਈ ਨਿਕਲਿਆ, ਪਰ ਨੇਕੋ ਨੇ ਉਸ ਦਾ ਸਾਹਮਣਾ ਕੀਤਾ ਅਤੇ ਮਗਿੱਦੋ ਵਿੱਚ ਉਸ ਨੂੰ ਮਾਰ ਦਿੱਤਾ।