9ਪਰਮੇਸ਼ਵਰ ਦੇ ਜਨ ਅਲੀਸ਼ਾ ਨੇ ਇਸਰਾਏਲ ਦੇ ਰਾਜੇ ਨੂੰ ਸੁਨੇਹਾ ਭੇਜਿਆ: “ਖ਼ਬਰਦਾਰ ਇਸ ਥਾਂ ਦੇ ਵਿੱਚ ਦੀ ਨਾ ਲੰਘੀ, ਕਿਉਂਕਿ ਅਰਾਮੀ ਉੱਧਰ ਜਾ ਰਹੇ ਹਨ।”
10ਇਸਰਾਏਲ ਦਾ ਰਾਜਾ ਉਸ ਥਾਂ ਤੇ ਆਪਣੀ ਫ਼ੌਜ ਭੇਜਦਾ ਸੀ, ਜਿਸ ਬਾਰੇ ਉਸਨੂੰ ਪਰਮੇਸ਼ਵਰ ਦਾ ਜਨ ਅਲੀਸ਼ਾ ਦੁਆਰਾ ਸੂਚਿਤ ਕੀਤਾ ਗਿਆ ਸੀ। ਇਸ ਤਰ੍ਹਾਂ ਉਸ ਨੂੰ ਚੇਤਾਵਨੀਆਂ ਮਿਲਦੀਆਂ ਰਹਿੰਦੀਆਂ ਸਨ, ਨਤੀਜੇ ਵਜੋਂ ਉਹ ਆਪਣੀ ਰੱਖਿਆ ਕਰਦਾ ਸੀ। ਅਜਿਹਾ ਕਈ ਵਾਰ ਹੋਇਆ।
11ਇਸ ਨਾਲ ਅਰਾਮ ਦੇ ਰਾਜੇ ਨੂੰ ਗੁੱਸਾ ਆ ਗਿਆ। ਉਸਨੇ ਆਪਣੇ ਸੇਵਕਾਂ ਨੂੰ ਬੁਲਾਇਆ ਅਤੇ ਉਹਨਾਂ ਤੋਂ ਮੰਗ ਕੀਤੀ, “ਮੈਨੂੰ ਦੱਸੋ! ਸਾਡੇ ਵਿੱਚੋਂ ਕੌਣ ਇਸਰਾਏਲ ਦੇ ਰਾਜੇ ਦੇ ਪਾਸੇ ਹੈ?”
12ਉਸਦੇ ਇੱਕ ਸੇਵਕ ਨੇ ਕਿਹਾ, “ਸਾਡੇ ਵਿੱਚੋਂ ਕੋਈ ਨਹੀਂ, ਮਹਾਰਾਜ ਪਾਤਸ਼ਾਹ, ਪਰ ਅਲੀਸ਼ਾ, ਨਬੀ ਜੋ ਇਸਰਾਏਲ ਵਿੱਚ ਹੈ, ਇਸਰਾਏਲ ਦੇ ਰਾਜੇ ਨੂੰ ਉਹੀ ਗੱਲਾਂ ਦੱਸਦਾ ਹੈ ਜੋ ਤੁਸੀਂ ਆਪਣੇ ਸੌਣ ਵਾਲੇ ਕਮਰੇ ਵਿੱਚ ਬੋਲਦੇ ਹੋ।”
13ਰਾਜੇ ਨੇ ਹੁਕਮ ਦਿੱਤਾ, “ਜਾਓ, ਪਤਾ ਲਗਾਓ ਕਿ ਉਹ ਕਿੱਥੇ ਹੈ, ਤਾਂ ਜੋ ਮੈਂ ਆਦਮੀ ਭੇਜ ਕੇ ਉਸਨੂੰ ਫੜ ਲਵਾਂ।” ਖ਼ਬਰ ਵਾਪਸ ਆਈ: “ਕਿ ਉਹ ਦੋਥਾਨ ਵਿੱਚ ਹੈ।”