17ਅਤੇ ਅਲੀਸ਼ਾ ਨੇ ਪ੍ਰਾਰਥਨਾ ਕੀਤੀ, “ਹੇ ਯਾਹਵੇਹ ਉਸਦੀਆਂ ਅੱਖਾਂ ਖੋਲ੍ਹੋ, ਤਾਂ ਜੋ ਉਹ ਦੇਖ ਸਕੇ।” ਤਦ ਯਾਹਵੇਹ ਨੇ ਸੇਵਕ ਦੀਆਂ ਅੱਖਾਂ ਖੋਲ੍ਹੀਆਂ, ਅਤੇ ਉਸਨੇ ਅਲੀਸ਼ਾ ਦੇ ਚਾਰੇ ਪਾਸੇ ਘੋੜਿਆਂ ਅਤੇ ਅੱਗ ਦੇ ਰਥਾਂ ਨਾਲ ਭਰੀਆਂ ਪਹਾੜੀਆਂ ਨੂੰ ਦੇਖਿਆ।
18ਜਦ ਦੁਸ਼ਮਣ ਦੀ ਫ਼ੌਜ ਉਸਦੇ ਵੱਲ ਉੱਤਰੀ, ਅਲੀਸ਼ਾ ਨੇ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ, “ਇਸ ਫ਼ੌਜ ਨੂੰ ਅੰਨ੍ਹਾ ਕਰ ਦਿਓ।” ਇਸ ਲਈ ਉਸਨੇ ਉਹਨਾਂ ਨੂੰ ਅੰਨ੍ਹਾ ਕਰ ਦਿੱਤਾ, ਜਿਵੇਂ ਕਿ ਅਲੀਸ਼ਾ ਨੇ ਕਿਹਾ ਸੀ।
19ਅਲੀਸ਼ਾ ਨੇ ਉਹਨਾਂ ਨੂੰ ਕਿਹਾ, “ਇਹ ਸੜਕ ਨਹੀਂ ਹੈ ਅਤੇ ਇਹ ਸ਼ਹਿਰ ਨਹੀਂ ਹੈ। ਮੇਰੇ ਪਿੱਛੇ ਚੱਲੋ ਅਤੇ ਮੈਂ ਤੁਹਾਨੂੰ ਉਸ ਆਦਮੀ ਕੋਲ ਲੈ ਜਾਵਾਂਗਾ ਜਿਸਦੀ ਤੁਸੀਂ ਭਾਲ ਕਰ ਰਹੇ ਹੋ।” ਅਤੇ ਉਹ ਉਹਨਾਂ ਨੂੰ ਸਾਮਰਿਯਾ ਵੱਲ ਲੈ ਗਿਆ।
20ਜਦੋਂ ਉਹ ਸ਼ਹਿਰ ਵਿੱਚ ਦਾਖਲ ਹੋਏ, ਅਲੀਸ਼ਾ ਨੇ ਕਿਹਾ, “ਯਾਹਵੇਹ, ਇਨ੍ਹਾਂ ਆਦਮੀਆਂ ਦੀਆਂ ਅੱਖਾਂ ਖੋਲ੍ਹ ਦਿਓ ਤਾਂ ਜੋ ਉਹ ਦੇਖ ਸਕਣ।” ਤਦ ਯਾਹਵੇਹ ਨੇ ਉਹਨਾਂ ਦੀਆਂ ਅੱਖਾਂ ਖੋਲ੍ਹੀਆਂ ਅਤੇ ਉਹਨਾਂ ਨੇ ਦੇਖਿਆ, ਅਤੇ ਉਹ ਸਾਮਰਿਯਾ ਦੇ ਅੰਦਰ ਸਨ।
21ਜਦੋਂ ਇਸਰਾਏਲ ਦੇ ਪਾਤਸ਼ਾਹ ਨੇ ਉਹਨਾਂ ਨੂੰ ਵੇਖਿਆ, ਉਸਨੇ ਅਲੀਸ਼ਾ ਨੂੰ ਪੁੱਛਿਆ, “ਹੇ ਮੇਰੇ ਪਿਤਾ, ਕੀ ਅਸੀਂ ਉਹਨਾਂ ਨੂੰ ਮਾਰ ਦੇਈਏ? ਮੈਨੂੰ ਦੱਸੋ, ਕੀ ਸਾਨੂੰ ਉਹਨਾਂ ਤੇ ਹਮਲਾ ਕਰਨਾ ਚਾਹੀਦਾ ਹੈ?”