1ਸਮੇਂ ਦੇ ਬੀਤਣ ਨਾਲ, ਅੰਮੋਨੀਆਂ ਦਾ ਰਾਜਾ ਮਰ ਗਿਆ ਅਤੇ ਉਸ ਦਾ ਪੁੱਤਰ ਹਾਨੂਨ ਉਸ ਤੋਂ ਬਾਅਦ ਰਾਜਾ ਬਣਿਆ।
2ਦਾਵੀਦ ਨੇ ਸੋਚਿਆ, “ਮੈਂ ਨਾਹਾਸ਼ ਦੇ ਪੁੱਤਰ ਹਾਨੂਨ ਦੇ ਨਾਲ ਭਲਿਆਈ ਕਰਾਂਗਾ, ਜਿਵੇਂ ਉਸਦੇ ਪਿਤਾ ਨੇ ਮੇਰੇ ਨਾਲ ਭਲਿਆਈ ਕੀਤੀ ਸੀ।” ਇਸ ਲਈ ਦਾਵੀਦ ਨੇ ਹਾਨੂਨ ਨੂੰ ਉਸਦੇ ਪਿਤਾ ਬਾਰੇ ਹਮਦਰਦੀ ਪ੍ਰਗਟ ਕਰਨ ਲਈ ਆਪਣੇ ਸੇਵਕ ਭੇਜੇ। ਜਦੋਂ ਦਾਵੀਦ ਦੇ ਆਦਮੀ ਅੰਮੋਨੀਆਂ ਦੇ ਦੇਸ਼ ਵਿੱਚ ਆਏ,
3ਅੰਮੋਨੀਆਂ ਦੇ ਸਰਦਾਰਾਂ ਨੇ ਆਪਣੇ ਸੁਆਮੀ ਹਾਨੂਨ ਨੂੰ ਆਖਿਆ, “ਕੀ ਤੁਹਾਨੂੰ ਲੱਗਦਾ ਹੈ ਦਾਵੀਦ ਤੁਹਾਡੇ ਪਿਤਾ ਦਾ ਆਦਰ ਕਰਦਾ ਹੈ ਜੋ ਉਸ ਨੇ ਤਸੱਲੀ ਦੇਣ ਲਈ ਤੁਹਾਡੇ ਕੋਲ ਲੋਕ ਭੇਜੇ ਹਨ? ਕੀ ਦਾਵੀਦ ਨੇ ਉਨ੍ਹਾਂ ਨੂੰ ਤੁਹਾਡੇ ਕੋਲ ਸਿਰਫ ਸ਼ਹਿਰ ਦੀ ਖੋਜ ਕਰਨ ਅਤੇ ਇਸ ਦੀ ਜਾਸੂਸੀ ਕਰਨ ਅਤੇ ਇਸ ਨੂੰ ਉਜਾੜਨ ਲਈ ਨਹੀਂ ਭੇਜੇ ਹਨ?”