3ਹੁਣ ਰਾਜੇ ਕੋਲ ਜਾ ਕੇ ਉਸ ਨੂੰ ਇਹ ਗੱਲਾਂ ਆਖ।” ਜੋ ਕੁਝ ਉਸਨੇ ਬੋਲਣਾ ਸੀ ਯੋਆਬ ਨੇ ਉਸ ਔਰਤ ਨੂੰ ਸਿਖਾ ਦਿੱਤਾ।
4ਜਦੋਂ ਤਕੋਆ ਦੀ ਔਰਤ ਰਾਜੇ ਕੋਲ ਗਈ ਤਾਂ ਉਹ ਉਸ ਦਾ ਆਦਰ ਕਰਨ ਲਈ ਮੂੰਹ ਦੇ ਬਲ ਧਰਤੀ ਉੱਤੇ ਡਿੱਗ ਪਈ ਅਤੇ ਉਸ ਨੇ ਕਿਹਾ, “ਮਹਾਰਾਜ, ਮੇਰੀ ਸਹਾਇਤਾ ਕਰੋ!”
5ਰਾਜੇ ਨੇ ਉਸ ਨੂੰ ਪੁੱਛਿਆ, “ਤੈਨੂੰ ਕੀ ਪਰੇਸ਼ਾਨੀ ਹੈ?” ਉਸਨੇ ਕਿਹਾ, “ਮੈਂ ਇੱਕ ਵਿਧਵਾ ਹਾਂ; ਮੇਰਾ ਪਤੀ ਮਰ ਗਿਆ ਹੈ।
6ਤੁਹਾਡੀ ਦਾਸੀ ਦੇ ਦੋ ਪੁੱਤਰ ਸਨ ਜੋ ਮੈਦਾਨ ਵਿੱਚ ਇੱਕ-ਦੂਜੇ ਨਾਲ ਲੜ ਪਏ ਅਤੇ ਉੱਥੇ ਕੋਈ ਵੀ ਨਹੀਂ ਸੀ ਜੋ ਉਨ੍ਹਾਂ ਨੂੰ ਅਲੱਗ ਕਰੇ ਸੋ ਇੱਕ ਨੇ ਦੂਜੇ ਤੇ ਵਾਰ ਕਰਕੇ ਉਸ ਨੂੰ ਮਾਰ ਦਿੱਤਾ।
7ਹੁਣ ਸਾਰਾ ਘਰਾਣਾ ਤੁਹਾਡੀ ਦਾਸੀ ਦੇ ਵਿਰੁੱਧ ਉੱਠਿਆ ਹੈ ਅਤੇ ਉਹ ਕਹਿੰਦੇ ਹਨ, ‘ਜਿਸ ਨੇ ਆਪਣੇ ਭਰਾ ਨੂੰ ਮਾਰਿਆ ਸੀ, ਉਸ ਨੂੰ ਸਾਡੇ ਹੱਥ ਸੌਂਪ ਦਿਓ, ਤਾਂ ਜੋ ਅਸੀਂ ਉਸ ਨੂੰ ਉਸ ਦੇ ਭਰਾ ਦੀ ਜਾਨ ਲਈ ਮੌਤ ਦੇ ਘਾਟ ਉਤਾਰ ਸਕੀਏ ਜਿਸ ਨੂੰ ਉਸ ਨੇ ਮਾਰਿਆ ਸੀ। ਫਿਰ ਅਸੀਂ ਵਾਰਸ ਤੋਂ ਵੀ ਛੁਟਕਾਰਾ ਪਾ ਲਵਾਂਗੇ।’ ਉਹ ਮੇਰੇ ਇੱਕਲੌਤੇ ਚਿਰਾਗ ਨੂੰ ਬੁਝਾ ਦੇਣਗੇ, ਜਿਸ ਨਾਲ ਮੇਰੇ ਪਤੀ ਦਾ ਨਾਂ ਅਤੇ ਵੰਸ਼ ਧਰਤੀ ਦੇ ਉੱਤੇ ਬਣਿਆ ਰਹੇਗਾ।”