13ਤਦ ਦਾਵੀਦ ਅਤੇ ਉਹ ਦੇ ਸਾਥੀ ਆਪਣੇ ਰਾਹ ਤੁਰ ਪਏ ਅਤੇ ਸ਼ਿਮਈ ਉਨ੍ਹਾਂ ਦੇ ਨਾਲ ਪਹਾੜ ਦੀ ਢਲਾਣ ਉੱਤੇ ਉਨ੍ਹਾਂ ਦੇ ਨਾਲ ਚੱਲ ਪਿਆ। ਤੁਰਦੇ-ਫਿਰਦੇ ਉਹ ਗਾਲ੍ਹਾਂ ਕੱਢਦਾ ਸੀ, ਪੱਥਰ ਅਤੇ ਮਿੱਟੀ ਵੀ ਸੁੱਟਦਾ ਸੀ।
14ਰਾਜਾ ਅਤੇ ਉਸਦੇ ਸਾਰੇ ਸਾਥੀ ਥੱਕ ਹਾਰ ਕੇ ਯਰਦਨ ਨਦੀ ਉੱਤੇ ਪਹੁੰਚੇ। ਦਾਵੀਦ ਵਿੱਚ ਇੱਕ ਨਵੀਂ ਤਾਜ਼ਗੀ ਆਈ।
15ਅਬਸ਼ਾਲੋਮ ਅਤੇ ਇਸਰਾਏਲ ਦੇ ਲੋਕ ਯੇਰੂਸ਼ਲੇਮ ਪਹੁੰਚੇ। ਅਹੀਥੋਫ਼ਲ ਉਨ੍ਹਾਂ ਦੇ ਨਾਲ ਸੀ।
16ਇਹ ਉਦੋਂ ਵਾਪਰਿਆ ਜਦੋਂ ਦਾਵੀਦ ਦਾ ਮਿੱਤਰ ਅਰਕੀ ਹੂਸ਼ਈ ਅਬਸ਼ਾਲੋਮ ਦੀ ਹਜ਼ੂਰੀ ਵਿੱਚ ਆਇਆ ਅਤੇ ਉਸ ਨੂੰ ਆਖਿਆ, “ਪਾਤਸ਼ਾਹ ਜੀਉਂਦਾ ਰਹੇ! ਮਹਾਰਾਜ ਦੀ ਲੰਮੀ ਉਮਰ ਹੋਵੇ!”
17ਅਬਸ਼ਾਲੋਮ ਨੇ ਹੂਸ਼ਈ ਨੂੰ ਪੁੱਛਿਆ, “ਕੀ ਇੱਕ ਦੋਸਤ ਪ੍ਰਤੀ ਵਫ਼ਾਦਾਰੀ ਇਸ ਤਰ੍ਹਾਂ ਹੈ? ਤੂੰ ਆਪਣੇ ਦੋਸਤ ਨਾਲ ਕਿਉਂ ਨਹੀਂ ਗਿਆ?”