2ਰਾਜੇ ਨੇ ਸੀਬਾ ਨੂੰ ਪੁੱਛਿਆ, “ਇਨ੍ਹਾਂ ਤੋਂ ਤੇਰਾ ਕੀ ਉਦੇਸ਼ ਹੈ?” ਸੀਬਾ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਇਹ ਗਧੇ ਤੁਹਾਡੇ ਪਰਿਵਾਰ ਨੂੰ ਢੋਣ ਲਈ ਹਨ ਅਤੇ ਜਵਾਨਾਂ ਦੇ ਭੋਜਨ ਲਈ ਰੋਟੀਆਂ ਅਤੇ ਗਰਮੀਆਂ ਦੇ ਫਲ, ਅਤੇ ਇਸ ਜੰਗਲ ਵਿੱਚ ਥੱਕੇ ਹੋਏ ਲੋਕਾਂ ਦੇ ਪੀਣ ਲਈ ਅੰਗੂਰਾਂ ਦਾ ਰਸ।”
3ਦਾਵੀਦ ਨੇ ਸੀਬਾ ਨੂੰ ਅੱਗੋਂ ਪੁੱਛਿਆ, “ਤੇਰੇ ਮਾਲਕ ਦਾ ਪੁੱਤਰ ਕਿੱਥੇ ਹੈ?” ਸੀਬਾ ਨੇ ਰਾਜੇ ਨੂੰ ਉੱਤਰ ਦਿੱਤਾ, “ਉਹ ਅਜੇ ਵੀ ਯੇਰੂਸ਼ਲੇਮ ਵਿੱਚ ਹੈ ਕਿਉਂਕਿ ਉਹ ਆਖਦਾ ਹੈ, ‘ਅੱਜ ਇਸਰਾਏਲ ਮੈਨੂੰ ਮੇਰੇ ਪਿਤਾ ਦਾ ਰਾਜ ਵਾਪਸ ਦੇ ਦੇਵੇਗਾ।’ ”
4ਇਹ ਸੁਣ ਕੇ ਦਾਵੀਦ ਨੇ ਸੀਬਾ ਨੂੰ ਕਿਹਾ, “ਸੁਣੋ, ਇਹ ਸਭ ਕੁਝ ਜੋ ਮਫ਼ੀਬੋਸ਼ਥ ਦਾ ਹੈ ਹੁਣ ਤੁਹਾਡਾ ਹੈ।” ਸੀਬਾ ਨੇ ਕਿਹਾ, “ਮੈਂ ਤੁਹਾਡੇ ਅੱਗੇ ਗੋਡੇ ਨਿਵਾਉਂਦਾ ਹਾਂ, ਮੇਰੇ ਮਹਾਰਾਜ ਰਾਜਾ ਦੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਹੋਵੇ।”
5ਜਦ ਰਾਜਾ ਦਾਵੀਦ ਬਹੁਰੀਮ ਪਹੁੰਚਿਆ ਤਾਂ ਸ਼ਾਊਲ ਦਾ ਇੱਕ ਰਿਸ਼ਤੇਦਾਰ ਉਸ ਦੇ ਅੱਗੇ ਆਇਆ ਜਿਸ ਦਾ ਨਾਮ ਸ਼ਿਮਈ ਸੀ ਜੋ ਗੇਰਾ ਦਾ ਪੁੱਤਰ ਸੀ। ਉਹ ਸਰਾਪ ਦਿੰਦਾ ਹੋਇਆ ਤੁਰਿਆ ਜਾਂਦਾ ਸੀ।
6ਉਹ ਦਾਵੀਦ ਅਤੇ ਰਾਜਾ ਦਾਵੀਦ ਦੇ ਸਾਰੇ ਬੰਦਿਆਂ ਉੱਤੇ ਵੀ ਪੱਥਰ ਸੁੱਟ ਰਿਹਾ ਸੀ, ਜਦ ਦਾਵੀਦ ਦੇ ਸੈਨਾ ਅਤੇ ਅਫ਼ਸਰਾਂ ਦਾਵੀਦ ਦੇ ਸੱਜੇ ਖੱਬੇ ਸਨ।