15ਇਸ ਲਈ ਯਾਹਵੇਹ ਨੇ ਇਸਰਾਏਲ ਉੱਤੇ ਉਸ ਸਵੇਰ ਤੋਂ ਲੈ ਕੇ ਨਿਰਧਾਰਤ ਸਮੇਂ ਦੇ ਅੰਤ ਤੱਕ ਇੱਕ ਬਵਾ ਭੇਜੀ ਅਤੇ ਦਾਨ ਤੋਂ ਲੈ ਕੇ ਬੇਰਸ਼ੇਬਾ ਤੱਕ ਸੱਤਰ ਹਜ਼ਾਰ ਲੋਕ ਮਰ ਗਏ।
16ਜਦੋਂ ਦੂਤ ਨੇ ਯੇਰੂਸ਼ਲੇਮ ਨੂੰ ਨਾਸ਼ ਕਰਨ ਲਈ ਆਪਣਾ ਹੱਥ ਵਧਾਇਆ, ਤਾਂ ਯਾਹਵੇਹ ਉਸ ਸਾਰੀ ਬਿਪਤਾ ਦੇ ਕਾਰਨ ਪਛਤਾਇਆ ਅਤੇ ਉਸ ਨੇ ਦੂਤ ਨੂੰ ਕਿਹਾ ਜੋ ਲੋਕਾਂ ਨੂੰ ਹੋਰ ਦੁਖੀ ਨਾ ਕਰ, ਬਸ, “ਬਹੁਤ ਹੋ ਗਿਆ! ਆਪਣਾ ਹੱਥ ਵਾਪਸ ਖਿੱਚ ਲੈ।” ਯਾਹਵੇਹ ਦਾ ਦੂਤ ਉਸ ਸਮੇਂ ਯਬੂਸੀ ਅਰਵਨਾਹ ਦੇ ਪਿੜ ਵਿੱਚ ਸੀ।
17ਜਦੋਂ ਦਾਵੀਦ ਨੇ ਉਸ ਦੂਤ ਨੂੰ ਦੇਖਿਆ ਜੋ ਲੋਕਾਂ ਨੂੰ ਮਾਰ ਰਿਹਾ ਸੀ, ਤਾਂ ਉਸਨੇ ਯਾਹਵੇਹ ਨੂੰ ਕਿਹਾ, “ਮੈਂ ਪਾਪ ਕੀਤਾ ਹੈ ਅਤੇ ਬੁਰਿਆਈ ਵੀ ਮੇਰੇ ਕੋਲੋਂ ਹੋਈ ਹੈ, ਪਰ ਇਨ੍ਹਾਂ ਭੇਡਾਂ ਦਾ ਕੀ ਦੋਸ਼ ਹੈ ਉਨ੍ਹਾਂ ਨੇ ਕੀ ਕੀਤਾ ਹੈ? ਆਪਣਾ ਹੱਥ ਮੇਰੇ ਅਤੇ ਮੇਰੇ ਪਰਿਵਾਰ ਉੱਤੇ ਚਲਾ।”
18ਉਸ ਦਿਨ ਗਾਦ ਦਾਵੀਦ ਕੋਲ ਗਿਆ ਅਤੇ ਉਸ ਨੂੰ ਆਖਿਆ, “ਉੱਪਰ ਜਾ ਅਤੇ ਯਬੂਸੀ ਅਰਵਨਾਹ ਦੇ ਪਿੜ ਵਿੱਚ ਯਾਹਵੇਹ ਲਈ ਇੱਕ ਜਗਵੇਦੀ ਬਣਾ।”
19ਇਸ ਲਈ ਦਾਵੀਦ ਉੱਪਰ ਗਿਆ, ਜਿਵੇਂ ਕਿ ਯਾਹਵੇਹ ਨੇ ਗਾਦ ਰਾਹੀਂ ਹੁਕਮ ਦਿੱਤਾ ਸੀ।