14ਤਦ ਦਾਵੀਦ ਨੇ ਸ਼ਾਊਲ ਦੇ ਪੁੱਤਰ ਈਸ਼-ਬੋਸ਼ੇਥ ਕੋਲ ਸੰਦੇਸ਼ਵਾਹਕ ਭੇਜ ਕੇ ਆਖਿਆ, “ਮੇਰੀ ਪਤਨੀ ਮੀਕਲ ਮੈਨੂੰ ਦੇ ਦਿਓ, ਜਿਸ ਨੂੰ ਮੈਂ ਸੌ ਫ਼ਲਿਸਤੀਆਂ ਦੀ ਖੱਲਾਂ ਦੇ ਮੁੱਲ ਤੇ ਵਿਆਹ ਕੇ ਲਿਆਇਆ ਸੀ।”
15ਇਸ ਲਈ ਈਸ਼-ਬੋਸ਼ੇਥ ਨੇ ਹੁਕਮ ਦਿੱਤਾ ਅਤੇ ਉਸ ਇਸਤਰੀ ਨੂੰ ਉਸਦੇ ਪਤੀ ਲਾਇਸ਼ ਦੇ ਪੁੱਤਰ ਫਲਟੀਏਲ ਤੋਂ ਖੋਹ ਲਿਆ।
16ਉਸ ਦਾ ਪਤੀ ਵੀ ਉਸ ਦੇ ਨਾਲ ਰੋਂਦਾ ਹੋਇਆ ਬਹੁਰੀਮ ਤੱਕ ਉਸ ਦੇ ਪਿੱਛੇ ਚਲਾ ਆਇਆ। ਤਦ ਅਬਨੇਰ ਨੇ ਉਸ ਨੂੰ ਕਿਹਾ, “ਘਰ ਵਾਪਸ ਜਾਹ!” ਇਸ ਲਈ ਉਹ ਵਾਪਸ ਚਲਾ ਗਿਆ।
17ਅਬਨੇਰ ਨੇ ਇਸਰਾਏਲ ਦੇ ਬਜ਼ੁਰਗਾਂ ਨਾਲ ਗੱਲ ਕੀਤੀ ਅਤੇ ਕਿਹਾ, “ਤੁਸੀਂ ਤਾਂ ਪਹਿਲੇ ਸਮੇਂ ਤੋਂ ਹੀ ਦਾਵੀਦ ਨੂੰ ਆਪਣਾ ਰਾਜਾ ਬਣਾਉਣਾ ਚਾਹੁੰਦੇ ਸੀ।
18ਹੁਣ ਇਹ ਕਰੋ! ਕਿਉਂਕਿ ਯਾਹਵੇਹ ਨੇ ਦਾਵੀਦ ਨਾਲ ਵਾਅਦਾ ਕੀਤਾ ਸੀ, ‘ਮੈਂ ਆਪਣੇ ਸੇਵਕ ਦਾਵੀਦ ਦੀ ਮਦਦ ਨਾਲ ਆਪਣੀ ਪਰਜਾ ਇਸਰਾਏਲ ਨੂੰ ਫ਼ਲਿਸਤੀਆਂ ਦੇ ਹੱਥੋਂ ਅਤੇ ਉਨ੍ਹਾਂ ਦੇ ਸਾਰੇ ਦੁਸ਼ਮਣਾਂ ਦੇ ਹੱਥੋਂ ਛੁਡਾਵਾਂਗਾ।’ ”