18ਹੁਣ ਇਹ ਕਰੋ! ਕਿਉਂਕਿ ਯਾਹਵੇਹ ਨੇ ਦਾਵੀਦ ਨਾਲ ਵਾਅਦਾ ਕੀਤਾ ਸੀ, ‘ਮੈਂ ਆਪਣੇ ਸੇਵਕ ਦਾਵੀਦ ਦੀ ਮਦਦ ਨਾਲ ਆਪਣੀ ਪਰਜਾ ਇਸਰਾਏਲ ਨੂੰ ਫ਼ਲਿਸਤੀਆਂ ਦੇ ਹੱਥੋਂ ਅਤੇ ਉਨ੍ਹਾਂ ਦੇ ਸਾਰੇ ਦੁਸ਼ਮਣਾਂ ਦੇ ਹੱਥੋਂ ਛੁਡਾਵਾਂਗਾ।’ ”
19ਅਬਨੇਰ ਨੇ ਬਿਨਯਾਮੀਨ ਦੇ ਲੋਕਾਂ ਨਾਲ ਵੀ ਵਿਅਕਤੀਗਤ ਤੌਰ ਤੇ ਗੱਲ ਕੀਤੀ। ਫਿਰ ਉਹ ਦਾਵੀਦ ਨੂੰ ਉਹ ਸਭ ਕੁਝ ਦੱਸਣ ਲਈ ਹੇਬਰੋਨ ਗਿਆ ਜੋ ਇਸਰਾਏਲ ਅਤੇ ਬਿਨਯਾਮੀਨ ਦਾ ਸਾਰਾ ਸਮੂਹ ਕਰਨਾ ਚਾਹੁੰਦਾ ਸੀ।
20ਜਦੋਂ ਅਬਨੇਰ, ਜਿਸ ਦੇ ਨਾਲ ਵੀਹ ਆਦਮੀ ਸਨ, ਹੇਬਰੋਨ ਵਿੱਚ ਦਾਵੀਦ ਕੋਲ ਆਇਆ, ਤਾਂ ਦਾਵੀਦ ਨੇ ਉਸਦੇ ਅਤੇ ਉਸਦੇ ਆਦਮੀਆਂ ਲਈ ਇੱਕ ਭੋਜਨ ਤਿਆਰ ਕੀਤਾ।
21ਤਦ ਅਬਨੇਰ ਨੇ ਦਾਵੀਦ ਨੂੰ ਆਖਿਆ, ਹੁਣ ਮੈਂ ਝੱਟ ਜਾ ਕੇ ਸਾਰੇ ਇਸਰਾਏਲ ਨੂੰ ਆਪਣੇ ਮਹਾਰਾਜ ਪਾਤਸ਼ਾਹ ਲਈ ਇਕੱਠਾ ਕਰਾਂਗਾ, ਤਾਂ ਜੋ ਉਹ ਤੁਹਾਡੇ ਨਾਲ ਵਾਅਦਾ ਕਰਨ ਅਤੇ ਜਿੱਥੇ ਤੁਹਾਡੇ ਮਨ ਦੀ ਇੱਛਾ ਹੋਵੇ, ਉੱਥੇ ਹੀ ਤੁਸੀਂ ਰਾਜ ਕਰੋ। ਇਸ ਲਈ ਦਾਵੀਦ ਨੇ ਅਬਨੇਰ ਨੂੰ ਭੇਜ ਦਿੱਤਾ ਅਤੇ ਉਹ ਸ਼ਾਂਤੀ ਨਾਲ ਚਲਾ ਗਿਆ।
22ਉਸੇ ਵੇਲੇ ਦਾਵੀਦ ਦੇ ਆਦਮੀ ਅਤੇ ਯੋਆਬ ਦੇ ਆਦਮੀ ਕਿਸੇ ਟੋਲੀ ਦਾ ਪਿੱਛਾ ਕਰਕੇ ਢੇਰ ਸਾਰੀ ਲੁੱਟ ਆਪਣੇ ਨਾਲ ਲੈ ਆਏ। ਪਰ ਅਬਨੇਰ ਦਾਵੀਦ ਦੇ ਨਾਲ ਹੇਬਰੋਨ ਵਿੱਚ ਨਹੀਂ ਰਿਹਾ ਕਿਉਂ ਜੋ ਦਾਵੀਦ ਨੇ ਉਸਨੂੰ ਭੇਜ ਦਿੱਤਾ ਸੀ ਅਤੇ ਉਹ ਸ਼ਾਂਤੀ ਨਾਲ ਚਲਾ ਗਿਆ ਸੀ।