12ਜਦੋਂ ਪਤਰਸ ਨੂੰ ਅਹਿਸਾਸ ਹੋਇਆ ਕਿ ਪਰਮੇਸ਼ਵਰ ਨੇ ਉਸ ਨੂੰ ਛੁਡਾਇਆ ਹੈ, ਤਾਂ ਉਹ ਯੋਹਨ ਦੀ ਮਾਂ ਮਰਿਯਮ ਦੇ ਘਰ ਚਲਾ ਗਿਆ। ਜਿਸ ਦਾ ਦੂਸਰਾ ਨਾਮ ਮਾਰਕਸ ਸੀ, ਅਤੇ ਬਹੁਤ ਸਾਰੇ ਵਿਸ਼ਵਾਸੀ ਉੱਥੇ ਇਕੱਠੇ ਹੋਏ ਸਨ, ਅਤੇ ਉਹ ਪ੍ਰਾਰਥਨਾ ਕਰ ਰਹੇ ਸਨ ਕਿ ਪਰਮੇਸ਼ਵਰ ਕਿਸੇ ਤਰ੍ਹਾਂ ਪਤਰਸ ਦੀ ਸਹਾਇਤਾ ਕਰੇ।
13ਜਦੋਂ ਪਤਰਸ ਨੇ ਬਾਹਰਲੇ ਦਰਵਾਜ਼ੇ ਤੇ ਦਸਤਕ ਦਿੱਤੀ, ਤਾਂ ਰੋਦੇ ਨਾਮ ਦੀ ਇੱਕ ਨੌਕਰ ਲੜਕੀ ਇਹ ਪਤਾ ਕਰਨ ਲਈ ਆਈ ਕਿ ਦਰਵਾਜ਼ੇ ਦੇ ਬਾਹਰ ਕੌਣ ਸੀ।
14ਅਤੇ ਪਤਰਸ ਦੀ ਆਵਾਜ਼ ਪਛਾਣ ਕੇ ਖੁਸ਼ੀ ਦੇ ਕਾਰਨ ਬੂਹਾ ਨਾ ਖੋਲ੍ਹਿਆ ਪਰ ਦੌੜ ਕੇ ਅੰਦਰ ਜਾ ਕੇ ਦੱਸਿਆ, “ਕਿ ਪਤਰਸ ਬਾਹਰਲੇ ਦਰਵਾਜ਼ੇ ਦੇ ਅੱਗੇ ਖੜ੍ਹਾ ਹੈ!”
15ਉਨ੍ਹਾਂ ਨੇ ਉਸ ਨੂੰ ਕਿਹਾ, “ਤੇਰੀ ਮੱਤ ਵੱਜ ਗਈ ਹੈ।” ਫਿਰ ਵੀ ਉਹ ਵਾਰ-ਵਾਰ ਉਸ ਗੱਲ ਤੇ ਜ਼ੋਰ ਦਿੰਦੀ ਰਹੀ ਕਿ ਉਹ ਪਤਰਸ ਹੈ, ਫਿਰ ਉਨ੍ਹਾਂ ਨੇ ਕਿਹਾ, “ਕਿ ਉਹ ਦਾ ਸਵਰਗਦੂਤ ਹੋ ਸਕਦਾ।”
16ਪਰ ਪਤਰਸ ਦਰਵਾਜ਼ਾ ਖੜਕਾਉਂਦਾ ਰਿਹਾ ਅਤੇ ਜਦੋਂ ਉਨ੍ਹਾਂ ਨੇ ਦਰਵਾਜ਼ਾ ਖੋਲ੍ਹਿਆ ਅਤੇ ਉਸ ਨੂੰ ਵੇਖਿਆ ਤਾਂ ਉਹ ਹੈਰਾਨ ਰਹਿ ਗਏ।