6ਜਦੋਂ ਹੇਰੋਦੇਸ ਉਹ ਨੂੰ ਬਾਹਰ ਲਿਆਉਣ ਨੂੰ ਤਿਆਰ ਸੀ, ਉਸ ਰਾਤ ਪਤਰਸ ਦੋ ਸੰਗਲਾਂ ਨਾਲ ਬੰਨ੍ਹਿਆ ਹੋਇਆ ਦੋ ਸਿਪਾਹੀਆਂ ਦੇ ਵਿੱਚਕਾਰ ਸੁੱਤਾ ਪਿਆ ਸੀ, ਅਤੇ ਪਹਿਰਾ ਦੇਣ ਵਾਲੇ ਜੇਲ੍ਹ ਦੇ ਫਾਟਕ ਤੇ ਪਹਿਰਾ ਦੇ ਰਹੇ ਸਨ।
7ਅਚਾਨਕ ਪ੍ਰਭੂ ਦਾ ਇੱਕ ਸਵਰਗਦੂਤ ਪ੍ਰਗਟ ਹੋਇਆ ਅਤੇ ਜੇਲ੍ਹ ਦੀ ਕੋਠੜੀ ਵਿੱਚ ਇੱਕ ਚਾਨਣ ਚਮਕਿਆ। ਉਸ ਨੇ ਪਤਰਸ ਦੀ ਵੱਖੀ ਤੇ ਹੱਥ ਮਾਰ ਕੇ ਉਹ ਨੂੰ ਜਗਾਇਆ। ਉਸ ਨੇ ਕਿਹਾ, “ਜਲਦੀ, ਉੱਠ!” ਅਤੇ ਜੰਜ਼ੀਰਾਂ ਪਤਰਸ ਦੀਆਂ ਗੁੱਟਾਂ ਤੋਂ ਡਿੱਗ ਪਈਆਂ।
8ਤਦ ਸਵਰਗਦੂਤ ਨੇ ਉਸ ਨੂੰ ਕਿਹਾ, “ਆਪਣੇ ਕੱਪੜੇ ਅਤੇ ਜੁੱਤੀ ਪਾ।” ਅਤੇ ਪਤਰਸ ਨੇ ਉਸੇ ਤਰ੍ਹਾਂ ਹੀ ਕੀਤਾ। ਸਵਰਗਦੂਤ ਨੇ ਉਸ ਨੂੰ ਕਿਹਾ, “ਆਪਣੀ ਚਾਦਰ ਆਪਣੇ ਲੱਕ ਦੁਆਲੇ ਬੰਨ੍ਹ ਅਤੇ ਮੇਰੇ ਮਗਰ ਚੱਲ।”
9ਪਤਰਸ ਜੇਲ੍ਹ ਦੇ ਬਾਹਰ ਵੀ ਉਸ ਦੇ ਪਿੱਛੇ-ਪਿੱਛੇ ਚਲਦਾ ਰਿਹਾ, ਪਰ ਉਸ ਨੂੰ ਨਹੀਂ ਪਤਾ ਸੀ ਕਿ ਇਹ ਸਭ ਜੋ ਸਵਰਗਦੂਤ ਵੱਲੋਂ ਹੋ ਰਿਹਾ ਹੈ ਸੋ ਸੱਚ ਹੈ, ਪਰ ਉਸ ਨੇ ਸੋਚਿਆ ਕਿ ਮੈਂ ਇੱਕ ਦਰਸ਼ਣ ਵੇਖ ਰਿਹਾ ਹਾਂ।
10ਪਤਰਸ ਅਤੇ ਸਵਰਗਦੂਤ ਸਿਪਾਹੀਆਂ ਦੇ ਕੋਲੋ ਲੰਘ ਗਏ, ਜਿਹੜੇ ਦੋ ਦਰਵਾਜ਼ਿਆਂ ਦੀ ਰਾਖੀ ਕਰ ਰਹੇ ਸਨ, ਪਰ ਸਿਪਾਹੀਆਂ ਨੇ ਉਨ੍ਹਾਂ ਨੂੰ ਨਹੀਂ ਵੇਖਿਆ। ਫਿਰ ਉਹ ਇੱਕ ਲੋਹੇ ਦੇ ਫ਼ਾਟਕ ਕੋਲ ਆਏ ਜਿਹੜਾ ਸ਼ਹਿਰ ਵਿੱਚ ਦਾਖਲ ਹੋਣ ਨੂੰ ਜਾਦਾਂ ਸੀ। ਦਰਵਾਜ਼ਾ ਆਪਣੇ ਆਪ ਹੀ ਉਨ੍ਹਾਂ ਲਈ ਖੁੱਲ੍ਹ ਗਿਆ, ਅਤੇ ਪਤਰਸ ਅਤੇ ਸਵਰਗਦੂਤ ਜੇਲ੍ਹ ਵਿੱਚੋਂ ਬਾਹਰ ਆ ਗਏ। ਜਦੋਂ ਉਹ ਇੱਕ ਗਲੀ ਦੇ ਰਸਤੇ ਵਿੱਚ ਤੁਰੇ ਜਾਂਦੇ ਸਨ, ਤਾਂ ਵੇਖੋ ਅਚਾਨਕ ਉਹ ਸਵਰਗਦੂਤ ਛੱਡ ਕੇ ਚਲਾ ਗਿਆ।