4ਅਸੀਂ ਚੇਲਿਆਂ ਨੂੰ ਉੱਥੇ ਲੱਭਿਆ ਅਤੇ ਉਨ੍ਹਾਂ ਨਾਲ ਸੱਤ ਦਿਨ ਰਹੇ। ਪਵਿੱਤਰ ਆਤਮਾ ਦੁਆਰਾ ਉਨ੍ਹਾਂ ਨੇ ਪੌਲੁਸ ਨੂੰ ਯੇਰੂਸ਼ਲੇਮ ਨੂੰ ਨਾ ਜਾਣ ਦੀ ਬੇਨਤੀ ਕੀਤੀ।
5ਜਦੋਂ ਸਾਡੇ ਜਾਣ ਦਾ ਸਮਾਂ ਸੀ ਤਾਂ ਅਸੀਂ ਤੁਰ ਪਏ ਅਤੇ ਉਹ ਆਪਣੀਆਂ ਪਤਨੀਆਂ ਅਤੇ ਬੱਚਿਆਂ ਸਮੇਤ ਸਾਡੇ ਨਾਲ ਸ਼ਹਿਰ ਤੋਂ ਬਾਹਰ ਆਏ, ਅਤੇ ਉੱਥੇ ਸਮੁੰਦਰ ਦੇ ਕੰਢੇ ਉੱਤੇ ਅਸੀਂ ਗੋਡੇ ਟੇਕ ਕੇ ਪ੍ਰਾਰਥਨਾ ਕੀਤੀ।
6ਇੱਕ-ਦੂਜੇ ਨੂੰ ਅਲਵਿਦਾ ਕਹਿਣ ਤੋਂ ਬਾਅਦ, ਅਸੀਂ ਜਹਾਜ਼ ਉੱਤੇ ਚੜ੍ਹੇ, ਅਤੇ ਉਹ ਸਾਰੇ ਆਪਣੇ-ਆਪਣੇ ਘਰ ਵਾਪਸ ਚਲੇ ਗਏ।
7ਅਸੀਂ ਸੋਰ ਤੋਂ ਆਪਣੀ ਯਾਤਰਾ ਜਾਰੀ ਰੱਖੀ ਅਤੇ ਤੁਲਮਾਇਸ ਸ਼ਹਿਰ ਪਹੁੰਚੇ ਜਿੱਥੇ ਅਸੀਂ ਵਿਸ਼ਵਾਸੀਆ ਦੀ ਸੁੱਖ-ਸਾਂਦ ਪੁੱਛੀ ਅਤੇ ਇੱਕ ਦਿਨ ਉਨ੍ਹਾਂ ਦੇ ਨਾਲ ਰਹੇ।
8ਫੇਰ ਅਗਲੇ ਦਿਨ ਅਸੀਂ ਤੁਰ ਕੇ ਕੈਸਰਿਆ ਸ਼ਹਿਰ ਵਿੱਚ ਪਹੁੰਚੇ ਅਤੇ ਫਿਲਿਪ ਦੇ ਘਰ ਠਹਿਰੇ ਜਿਹੜਾ ਇੰਜੀਲ ਦਾ ਪ੍ਰਚਾਰਕ ਸੀ।