10ਉਹ ਦੇ ਪੁੱਤਰ ਯੁੱਧ ਲਈ ਤਿਆਰ ਹੋਣਗੇ ਅਤੇ ਇੱਕ ਵੱਡੀ ਫੌਜ ਨੂੰ ਇਕੱਠਾ ਕਰਨਗੇ, ਜੋ ਇੱਕ ਅਟੱਲ ਹੜ੍ਹ ਵਾਂਗ ਵਹਿ ਜਾਵੇਗੀ ਅਤੇ ਲੜਾਈ ਨੂੰ ਉਸਦੇ ਕਿਲੇ ਤੱਕ ਲੈ ਜਾਵੇਗੀ।
11“ਤਦ ਦੱਖਣ ਦਾ ਰਾਜਾ ਗੁੱਸੇ ਵਿੱਚ ਨਿੱਕਲੇਗਾ ਅਤੇ ਉੱਤਰ ਦੇ ਰਾਜੇ ਦੇ ਵਿਰੁੱਧ ਲੜੇਗਾ, ਜੋ ਇੱਕ ਵੱਡੀ ਸੈਨਾ ਖੜੀ ਕਰੇਗਾ, ਪਰ ਉਹ ਹਾਰ ਜਾਵੇਗਾ।
12ਜਦੋਂ ਫੌਜਾਂ ਨੂੰ ਉਤਾਰਿਆ ਜਾਵੇਗਾ, ਦੱਖਣ ਦਾ ਰਾਜਾ ਹੰਕਾਰ ਨਾਲ ਭਰ ਜਾਵੇਗਾ ਅਤੇ ਹਜ਼ਾਰਾਂ ਨੂੰ ਮਾਰ ਦੇਵੇਗਾ, ਫਿਰ ਵੀ ਉਹ ਜੇਤੂ ਨਹੀਂ ਰਹੇਗਾ।
13ਕਿਉਂਕਿ ਉੱਤਰ ਦਾ ਰਾਜਾ ਇੱਕ ਹੋਰ ਫ਼ੌਜ ਨੂੰ ਇਕੱਠਾ ਕਰੇਗਾ, ਪਹਿਲੀ ਨਾਲੋਂ ਵੱਡੀ; ਅਤੇ ਕਈ ਸਾਲਾਂ ਬਾਅਦ, ਉਹ ਆਪਣੀ ਵੱਡੀ ਫ਼ੌਜ ਅਤੇ ਢੇਰ ਸਾਰੇ ਮਾਲ ਸਣੇ ਆਵੇਗਾ।
14“ਉਹਨਾਂ ਸਮਿਆਂ ਵਿੱਚ ਬਹੁਤ ਸਾਰੇ ਲੋਕ ਦੱਖਣ ਦੇ ਰਾਜੇ ਦੇ ਵਿਰੁੱਧ ਉੱਠਣਗੇ। ਜਿਹੜੇ ਲੋਕ ਤੁਹਾਡੇ ਆਪਣੇ ਲੋਕਾਂ ਵਿੱਚ ਹਿੰਸਕ ਹਨ ਉਹ ਦਰਸ਼ਨ ਦੀ ਪੂਰਤੀ ਵਿੱਚ ਬਗਾਵਤ ਕਰਨਗੇ, ਪਰ ਸਫਲਤਾ ਤੋਂ ਬਿਨਾਂ।