21ਉਹ ਸਮੇਂ ਅਤੇ ਰੁੱਤਾਂ ਨੂੰ ਬਦਲਦਾ ਹੈ; ਉਹੀ ਰਾਜਿਆਂ ਨੂੰ ਹਟਾਉਂਦਾ ਅਤੇ ਨਿਯੁਕਤ ਕਰਦਾ ਹੈ, ਉਹ ਬੁੱਧਵਾਨਾਂ ਨੂੰ ਬੁੱਧ ਅਤੇ ਸਮਝਦਾਰ ਨੂੰ ਗਿਆਨ ਦਿੰਦਾ ਹੈ।
22ਉਹ ਡੂੰਘੀਆਂ ਅਤੇ ਲੁਕੀਆਂ ਚੀਜ਼ਾਂ ਨੂੰ ਪ੍ਰਗਟ ਕਰਦਾ ਹੈ; ਉਹ ਜਾਣਦਾ ਹੈ ਕਿ ਹਨੇਰੇ ਵਿੱਚ ਕੀ ਹੈ, ਅਤੇ ਚਾਨਣ ਉਸਦੇ ਨਾਲ ਰਹਿੰਦਾ ਹੈ।
23ਮੇਰੇ ਪੁਰਖਿਆਂ ਦੇ ਪਰਮੇਸ਼ਵਰ, ਮੈਂ ਤੇਰਾ ਧੰਨਵਾਦ ਕਰਦਾ ਹਾਂ ਅਤੇ ਉਸਤਤ ਕਰਦਾ ਹਾਂ: ਤੂੰ ਮੈਨੂੰ ਬੁੱਧ ਅਤੇ ਸ਼ਕਤੀ ਦਿੱਤੀ ਹੈ, ਤੂੰ ਮੈਨੂੰ ਦੱਸ ਦਿੱਤਾ ਹੈ ਜੋ ਅਸੀਂ ਤੁਹਾਡੇ ਤੋਂ ਮੰਗਿਆ ਹੈ, ਤੂੰ ਸਾਨੂੰ ਰਾਜੇ ਦੇ ਸੁਪਨੇ ਬਾਰੇ ਦੱਸਿਆ ਹੈ।”
24ਤਦ ਦਾਨੀਏਲ ਅਰਯੋਕ ਕੋਲ ਗਿਆ, ਜਿਸ ਨੂੰ ਰਾਜੇ ਨੇ ਬਾਬੇਲ ਦੇ ਬੁੱਧਵਾਨਾਂ ਨੂੰ ਮਾਰਨ ਲਈ ਨਿਯੁਕਤ ਕੀਤਾ ਸੀ ਅਤੇ ਉਸ ਨੂੰ ਕਿਹਾ, “ਬਾਬੇਲ ਦੇ ਬੁੱਧਵਾਨਾਂ ਨੂੰ ਨਾ ਮਾਰ। ਮੈਨੂੰ ਰਾਜੇ ਕੋਲ ਲੈ ਜਾਓ, ਮੈਂ ਉਸਦੇ ਸੁਪਨੇ ਦਾ ਅਰਥ ਉਸਦੇ ਲਈ ਦੱਸਾਂਗਾ।”
25ਅਰਯੋਕ ਦਾਨੀਏਲ ਨੂੰ ਉਸੇ ਵੇਲੇ ਰਾਜੇ ਕੋਲ ਲੈ ਗਿਆ ਅਤੇ ਕਿਹਾ, “ਮੈਨੂੰ ਯਹੂਦਾਹ ਦੇ ਗ਼ੁਲਾਮਾਂ ਵਿੱਚੋਂ ਇੱਕ ਆਦਮੀ ਮਿਲਿਆ ਹੈ ਜੋ ਰਾਜੇ ਨੂੰ ਦੱਸ ਸਕਦਾ ਹੈ ਕਿ ਉਸਦੇ ਸੁਪਨੇ ਦਾ ਕੀ ਅਰਥ ਹੈ।”