1ਬਾਬੇਲ ਦੇ ਰਾਜੇ ਬੇਲਸ਼ੱਸਰ ਦੇ ਪਹਿਲੇ ਸਾਲ ਵਿੱਚ, ਦਾਨੀਏਲ ਨੇ ਆਪਣੇ ਬਿਸਤਰੇ, ਉੱਤੇ ਇੱਕ ਦਰਸ਼ਣ ਦੇਖਿਆ, ਤਦ ਉਹ ਨੇ ਦਰਸ਼ਣ ਨੂੰ ਲਿਖਿਆ ਅਤੇ ਉਹਨਾਂ ਗੱਲਾਂ ਦਾ ਬਿਆਨ ਕੀਤਾ।
2ਦਾਨੀਏਲ ਨੇ ਕਿਹਾ: “ਰਾਤ ਨੂੰ ਮੈਂ ਆਪਣੇ ਦਰਸ਼ਣ ਵਿੱਚ ਦੇਖਿਆ ਅਤੇ ਮੇਰੇ ਸਾਹਮਣੇ ਅਕਾਸ਼ ਦੀਆਂ ਚਾਰ ਹਵਾਵਾਂ ਵੱਡੇ ਸਮੁੰਦਰ ਉੱਤੇ ਜੋਰ ਨਾਲ ਵਗੀਆਂ।
3ਅਤੇ ਸਮੁੰਦਰ ਵਿੱਚੋਂ ਚਾਰ ਵੱਡੇ-ਵੱਡੇ ਦਰਿੰਦੇ ਨਿੱਕਲੇ, ਜੋ ਇੱਕ-ਦੂਜੇ ਨਾਲੋਂ ਵੱਖੋ-ਵੱਖ ਸਨ।
4“ਪਹਿਲਾ ਇੱਕ ਬੱਬਰ ਸ਼ੇਰ ਵਰਗਾ ਸੀ ਅਤੇ ਉਸਦੇ ਇੱਕ ਬਾਜ਼ ਦੇ ਵਾਂਗ ਖੰਭ ਸਨ। ਮੈਂ ਉਦੋਂ ਤੱਕ ਦੇਖਦਾ ਰਿਹਾ ਜਦੋਂ ਤੱਕ ਉਸਦੇ ਖੰਭਾਂ ਨੂੰ ਪਾੜ ਨਹੀਂ ਦਿੱਤਾ ਗਿਆ ਅਤੇ ਇਸਨੂੰ ਜ਼ਮੀਨ ਤੋਂ ਉੱਚਾ ਚੁੱਕਿਆ ਗਿਆ ਤਾਂ ਕਿ ਇਹ ਮਨੁੱਖ ਵਾਂਗ ਦੋ ਪੈਰਾਂ ਤੇ ਖੜ੍ਹਾ ਹੋ ਗਿਆ ਅਤੇ ਮਨੁੱਖ ਦਾ ਮਨ ਉਸ ਨੂੰ ਦਿੱਤਾ ਗਿਆ।
5“ਅਤੇ ਫਿਰ ਕੀ ਵੇਖਦਾ ਹਾਂ ਜੋ ਦੂਜਾ ਦਰਿੰਦਾ ਰਿੱਛ ਵਰਗਾ ਸੀ। ਉਹ ਇੱਕ ਪਾਸੇ ਵੱਲ ਖੜਾ ਹੋ ਗਿਆ ਅਤੇ ਉਹ ਦੇ ਮੂੰਹ ਵਿੱਚ ਉਹ ਦੇ ਦੰਦਾਂ ਦੇ ਵਿਚਕਾਰ ਤਿੰਨ ਪਸਲੀਆਂ ਸਨ। ‘ਉਹਨਾਂ ਨੇ ਉਸ ਨੂੰ ਆਖਿਆ ਕਿ ਉੱਠ ਅਤੇ ਢੇਰ ਸਾਰਾ ਮਾਸ ਖਾਹ!’