16ਅਤੇ ਮੈਂ ਉਸ ਸਮੇਂ ਤੁਹਾਡੇ ਨਿਆਂਈਆਂ ਨੂੰ ਹੁਕਮ ਦਿੱਤਾ ਸੀ, “ਆਪਣੇ ਲੋਕਾਂ ਦੇ ਝਗੜਿਆਂ ਨੂੰ ਸੁਣੋ ਅਤੇ ਨਿਰਪੱਖਤਾ ਨਾਲ ਨਿਆਂ ਕਰੋ, ਭਾਵੇਂ ਇਹ ਮੁਕੱਦਮਾ ਦੋ ਇਸਰਾਏਲੀਆਂ ਦਾ ਹੋਵੇ ਜਾਂ ਇੱਕ ਇਸਰਾਏਲੀ ਅਤੇ ਤੁਹਾਡੇ ਵਿਚਕਾਰ ਵੱਸਦੇ ਇੱਕ ਵਿਦੇਸ਼ੀ ਦਾ ਹੋਵੇ।
17ਨਿਆਂ ਕਰਨ ਵਿੱਚ ਪੱਖਪਾਤ ਨਾ ਕਰੋ ਕਿਉਂ ਜੋ ਛੋਟੇ ਅਤੇ ਵੱਡੇ ਦੋਨੋ ਦੀ ਗੱਲ ਸਮਾਨ ਸੁਣੋ, ਤੁਸੀਂ ਕਿਸੇ ਤੋਂ ਨਾ ਡਰੋ ਕਿਉਂਕਿ ਨਿਆਂ ਪਰਮੇਸ਼ਵਰ ਦਾ ਹੈ। ਮੇਰੇ ਕੋਲ ਉਹ ਮੁਕੱਦਮਾ ਲਿਆਓ ਜੋ ਤੁਹਾਡੇ ਲਈ ਬਹੁਤ ਔਖਾ ਹੈ, ਅਤੇ ਮੈਂ ਇਸਨੂੰ ਸੁਣਾਂਗਾ।”
18ਅਤੇ ਉਸ ਸਮੇਂ ਮੈਂ ਤੁਹਾਨੂੰ ਉਹ ਸਭ ਕੁਝ ਦੱਸ ਦਿੱਤਾ ਸੀ ਜੋ ਤੁਸੀਂ ਕਰਨਾ ਸੀ।
19ਤਦ ਜਿਵੇਂ ਯਾਹਵੇਹ ਸਾਡੇ ਪਰਮੇਸ਼ਵਰ ਨੇ ਸਾਨੂੰ ਹੁਕਮ ਦਿੱਤਾ ਸੀ ਅਸੀਂ ਹੋਰੇਬ ਤੋਂ ਕੂਚ ਕਰ ਕੇ ਅਮੋਰੀਆਂ ਦੇ ਪਹਾੜੀ ਦੇਸ਼ ਵਿੱਚ ਉਸ ਵਿਸ਼ਾਲ ਅਤੇ ਭਿਆਨਕ ਉਜਾੜ ਵਿੱਚੋਂ ਲੰਘੇ ਜੋ ਤੁਸੀਂ ਵੇਖਿਆ ਹੈ, ਅਤੇ ਇਸ ਤਰ੍ਹਾਂ ਅਸੀਂ ਕਾਦੇਸ਼ ਬਰਨੇਆ ਪਹੁੰਚ ਗਏ।
20ਫ਼ੇਰ ਮੈਂ ਤੁਹਾਨੂੰ ਆਖਿਆ, “ਤੁਸੀਂ ਅਮੋਰੀਆਂ ਦੇ ਪਹਾੜੀ ਦੇਸ਼ ਵਿੱਚ ਪਹੁੰਚ ਗਏ ਹੋ, ਜਿਹੜਾ ਯਾਹਵੇਹ ਸਾਡਾ ਪਰਮੇਸ਼ਵਰ ਸਾਨੂੰ ਦੇ ਰਿਹਾ ਹੈ।