24ਉਹ ਉੱਥੋਂ ਚਲੇ ਗਏ ਅਤੇ ਪਹਾੜੀ ਦੇਸ਼ ਵਿੱਚ ਚੜ੍ਹ ਗਏ ਅਤੇ ਅਸ਼ਕੋਲ ਦੀ ਵਾਦੀ ਵਿੱਚ ਪਹੁੰਚ ਕੇ ਦੇਸ਼ ਦੀ ਖੋਜ ਕੀਤੀ।
25ਉਹ ਧਰਤੀ ਦੇ ਕੁਝ ਫਲਾਂ ਨੂੰ ਆਪਣੇ ਨਾਲ ਲੈ ਕੇ ਸਾਡੇ ਕੋਲ ਲਿਆਏ ਅਤੇ ਦੱਸਿਆ, “ਇਹ ਇੱਕ ਚੰਗੀ ਧਰਤੀ ਹੈ ਜੋ ਸਾਡਾ ਪਰਮੇਸ਼ਵਰ ਸਾਨੂੰ ਦੇ ਰਿਹਾ ਹੈ।”
26ਪਰ ਤੁਸੀਂ ਉੱਪਰ ਜਾਣ ਲਈ ਤਿਆਰ ਨਹੀਂ ਸੀ; ਤੁਸੀਂ ਆਪਣੇ ਪਰਮੇਸ਼ਵਰ ਦੇ ਹੁਕਮ ਦੇ ਵਿਰੁੱਧ ਹੋ ਗਏ।
27ਤੁਸੀਂ ਆਪਣੇ ਤੰਬੂਆਂ ਵਿੱਚ ਆ ਕੇ ਬੁੜਬੁੜਾਉਂਦੇ ਹੋਏ ਕਿਹਾ, “ਯਾਹਵੇਹ ਸਾਡੇ ਨਾਲ ਨਫ਼ਰਤ ਕਰਦਾ ਹੈ, ਇਸ ਲਈ ਉਹ ਸਾਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ ਤਾਂ ਜੋ ਸਾਨੂੰ ਅਮੋਰੀਆਂ ਦੇ ਹੱਥਾਂ ਵਿੱਚ ਦੇ ਦਿੱਤਾ ਜਾਵੇ ਅਤੇ ਉਹ ਸਾਨੂੰ ਤਬਾਹ ਕਰ ਦੇਣ।
28ਅਸੀਂ ਕਿੱਥੇ ਜਾ ਸਕਦੇ ਹਾਂ? ਸਾਡੇ ਭਰਾਵਾਂ ਨੇ ਡਰ ਨਾਲ ਸਾਡੇ ਦਿਲ ਤੋੜ ਦਿੱਤੇ ਹਨ। ਉਹ ਕਹਿੰਦੇ ਹਨ, ‘ਕਿ ਉਹ ਲੋਕ ਸਾਡੇ ਨਾਲੋਂ ਮਜ਼ਬੂਤ ਅਤੇ ਉੱਚੇ ਹਨ, ਸ਼ਹਿਰ ਵੱਡੇ ਹਨ, ਕੰਧਾਂ ਅਸਮਾਨ ਤੱਕ ਹਨ। ਅਸੀਂ ਉੱਥੇ ਅਨਾਕੀਆਂ ਨੂੰ ਵੀ ਦੇਖਿਆ।’ ”