1ਜੇ ਕੋਈ ਨਬੀ ਜਾਂ ਉਹ ਜੋ ਸੁਪਨਿਆਂ ਦੁਆਰਾ ਭਵਿੱਖਬਾਣੀ ਕਰਦਾ ਹੈ, ਤੁਹਾਡੇ ਵਿਚਕਾਰ ਪ੍ਰਗਟ ਹੁੰਦਾ ਹੈ ਅਤੇ ਤੁਹਾਨੂੰ ਇੱਕ ਨਿਸ਼ਾਨ ਜਾਂ ਅਚੰਭੇ ਦੀ ਘੋਸ਼ਣਾ ਕਰਦਾ ਹੈ,
2ਅਤੇ ਜੇ ਉਹ ਨਿਸ਼ਾਨ ਜਾਂ ਅਚੰਭੇ ਦੀ ਗੱਲ ਕੀਤੀ ਜਾਂਦੀ ਹੈ ਅਤੇ ਨਬੀ ਕਹਿੰਦਾ ਹੈ, “ਆਓ ਅਸੀਂ ਦੂਜੇ ਦੇਵਤਿਆਂ ਦੀ ਪਾਲਣਾ ਕਰੀਏ” (ਜਿਨ੍ਹਾਂ ਦੇਵਤਿਆਂ ਨੂੰ ਤੁਸੀਂ ਨਹੀਂ ਜਾਣਦੇ) “ਅਤੇ ਅਸੀਂ ਉਹਨਾਂ ਦੀ ਉਪਾਸਨਾ ਕਰੀਏ,”
3ਤੁਹਾਨੂੰ ਉਸ ਨਬੀ ਜਾਂ ਸੁਪਨੇ ਲੈਣ ਵਾਲੇ ਦੀਆਂ ਗੱਲਾਂ ਨੂੰ ਨਹੀਂ ਸੁਣਨਾ ਚਾਹੀਦਾ ਕਿਉਂ ਜੋ ਯਾਹਵੇਹ ਤੁਹਾਡਾ ਪਰਮੇਸ਼ਵਰ ਇਹ ਜਾਣਨ ਲਈ ਤੁਹਾਡੀ ਪਰਖ ਕਰ ਰਿਹਾ ਹੈ ਕਿ ਤੁਸੀਂ ਉਸਨੂੰ ਆਪਣੇ ਸਾਰੇ ਦਿਲ ਅਤੇ ਆਪਣੀ ਪੂਰੀ ਰੂਹ ਨਾਲ ਪਿਆਰ ਕਰਦੇ ਹੋ।
4ਇਹ ਯਾਹਵੇਹ ਤੁਹਾਡਾ ਪਰਮੇਸ਼ਵਰ ਹੈ ਜਿਸਦੀ ਤੁਹਾਨੂੰ ਪਾਲਣ ਕਰਨੀ ਚਾਹੀਦੀ ਹੈ ਅਤੇ ਤੁਹਾਨੂੰ ਉਸ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਸਦੇ ਹੁਕਮਾਂ ਨੂੰ ਮੰਨੋ ਅਤੇ ਉਸਦੀ ਪਾਲਣਾ ਕਰੋ, ਉਸ ਦੀ ਸੇਵਾ ਕਰੋ ਅਤੇ ਉਸ ਨੂੰ ਫੜੀ ਰੱਖੋ।
5ਉਸ ਨਬੀ ਜਾਂ ਸੁਪਨੇ ਲੈਣ ਵਾਲੇ ਨੂੰ ਯਾਹਵੇਹ ਤੁਹਾਡੇ ਪਰਮੇਸ਼ਵਰ ਦੇ ਵਿਰੁੱਧ ਬਗਾਵਤ ਕਰਨ ਲਈ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ, ਜਿਸ ਨੇ ਤੁਹਾਨੂੰ ਮਿਸਰ ਵਿੱਚੋਂ ਕੱਢਿਆ ਅਤੇ ਤੁਹਾਨੂੰ ਗੁਲਾਮੀ ਦੇ ਦੇਸ਼ ਵਿੱਚੋਂ ਛੁਡਾਇਆ। ਉਸ ਨਬੀ ਜਾਂ ਸੁਪਨੇ ਲੈਣ ਵਾਲੇ ਨੇ ਤੁਹਾਨੂੰ ਉਸ ਰਾਹ ਤੋਂ ਮੋੜਨ ਦੀ ਕੋਸ਼ਿਸ਼ ਕੀਤੀ ਜਿਸ ਤਰ੍ਹਾਂ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਪਾਲਣਾ ਕਰਨ ਦਾ ਹੁਕਮ ਦਿੱਤਾ ਸੀ। ਤੁਹਾਨੂੰ ਆਪਣੇ ਵਿੱਚੋਂ ਬਦੀ ਨੂੰ ਦੂਰ ਕਰਨਾ ਚਾਹੀਦਾ ਹੈ।