1ਫਿਰ ਅਸੀਂ ਵਾਪਸ ਮੁੜੇ ਅਤੇ ਲਾਲ ਸਾਗਰ ਦੇ ਰਸਤੇ ਵਿੱਚ ਉਜਾੜ ਵੱਲ ਚੱਲ ਪਏ, ਜਿਵੇਂ ਕਿ ਯਾਹਵੇਹ ਨੇ ਮੈਨੂੰ ਨਿਰਦੇਸ਼ ਦਿੱਤਾ ਸੀ ਅਤੇ ਬਹੁਤ ਦੇਰ ਤੱਕ ਅਸੀਂ ਸੇਈਰ ਦੇ ਪਹਾੜੀ ਦੇਸ਼ ਦੇ ਆਲੇ-ਦੁਆਲੇ ਆਪਣਾ ਰਸਤਾ ਬਣਾਇਆ।
2ਤਦ ਯਾਹਵੇਹ ਨੇ ਮੈਨੂੰ ਆਖਿਆ,
3“ਤੁਸੀਂ ਇਸ ਪਹਾੜੀ ਦੇਸ਼ ਦੇ ਆਲੇ-ਦੁਆਲੇ ਘੇਰਾ ਪਾ ਕੇ ਰੱਖਿਆ ਹੈ, ਹੁਣ ਉੱਤਰ ਵੱਲ ਮੁੜੋ।
4ਲੋਕਾਂ ਨੂੰ ਇਹ ਹੁਕਮ ਦਿਓ, ‘ਤੁਸੀਂ ਆਪਣੇ ਰਿਸ਼ਤੇਦਾਰਾਂ ਦੇ ਇਲਾਕੇ ਵਿੱਚੋਂ ਦੀ ਲੰਘਣ ਵਾਲੇ ਹੋ ਜੋ ਏਸਾਓ ਦੇ ਉੱਤਰਾਧਿਕਾਰੀ ਸੇਈਰ ਵਿੱਚ ਰਹਿੰਦੇ ਹਨ ਅਤੇ ਉਹ ਤੁਹਾਡੇ ਤੋਂ ਡਰਨਗੇ, ਪਰ ਤੁਸੀਂ ਉਹਨਾਂ ਤੋਂ ਬਹੁਤ ਸਾਵਧਾਨ ਹੋਣਾ।
5ਉਹਨਾਂ ਨੂੰ ਯੁੱਧ ਲਈ ਨਾ ਉਕਸਾਓ ਕਿਉਂ ਜੋ ਮੈਂ ਤੁਹਾਨੂੰ ਉਹਨਾਂ ਦੀ ਧਰਤੀ ਵਿੱਚੋਂ ਕੁਝ ਵੀ ਨਹੀਂ ਦਿਆਂਗਾ, ਇੱਥੋਂ ਤੱਕ ਕਿ ਤੁਹਾਡੇ ਪੈਰ ਰੱਖਣ ਲਈ ਵੀ ਨਹੀਂ ਕਿਉਂ ਜੋ ਮੈਂ ਏਸਾਓ ਨੂੰ ਸੇਈਰ ਦਾ ਪਹਾੜੀ ਦੇਸ਼ ਉਸ ਦਾ ਆਪਣਾ ਨਿੱਜ ਹੋਣ ਲਈ ਦੇ ਦਿੱਤਾ ਹੈ।