7ਯਾਹਵੇਹ ਤੁਹਾਡੇ ਵਿਰੁੱਧ ਉੱਠਣ ਵਾਲੇ ਦੁਸ਼ਮਣ ਨੂੰ ਤੁਹਾਡੇ ਅੱਗਿਓਂ ਮਰਵਾ ਦੇਵੇਗਾ। ਉਹ ਇੱਕ ਰਾਸਤੇ ਤੋਂ ਤੁਹਾਡੇ ਕੋਲ ਆਉਣਗੇ ਪਰ ਸੱਤਾਂ ਰਾਹਾਂ ਤੋਂ ਤੁਹਾਡੇ ਅੱਗਿਓਂ ਭੱਜ ਜਾਣਗੇ।
8ਯਾਹਵੇਹ ਤੁਹਾਡੇ ਭੰਡਾਰਾਂ ਉੱਤੇ ਅਤੇ ਹਰ ਉਸ ਚੀਜ਼ ਉੱਤੇ ਬਰਕਤ ਭੇਜੇਗਾ ਜਿਸ ਉੱਤੇ ਤੁਸੀਂ ਆਪਣਾ ਹੱਥ ਰੱਖਦੇ ਹੋ। ਯਾਹਵੇਹ ਤੁਹਾਨੂੰ ਉਸ ਧਰਤੀ ਵਿੱਚ ਅਸੀਸ ਦੇਵੇਗਾ ਜੋ ਉਹ ਤੁਹਾਨੂੰ ਦੇ ਰਿਹਾ ਹੈ।
9ਯਾਹਵੇਹ ਤੁਹਾਨੂੰ ਆਪਣੇ ਪਵਿੱਤਰ ਲੋਕਾਂ ਵਜੋਂ ਸਥਾਪਿਤ ਕਰੇਗਾ, ਜਿਵੇਂ ਉਸਨੇ ਤੁਹਾਡੇ ਨਾਲ ਸਹੁੰ ਖਾਧੀ ਸੀ, ਜੇ ਤੁਸੀਂ ਆਪਣੇ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਣਾ ਕਰੋ ਅਤੇ ਉਸ ਦੀ ਆਗਿਆਕਾਰੀ ਵਿੱਚ ਚੱਲੋ।
10ਤਦ ਧਰਤੀ ਦੇ ਸਾਰੇ ਲੋਕ ਵੇਖਣਗੇ ਕਿ ਤੁਸੀਂ ਯਾਹਵੇਹ ਦੇ ਨਾਮ ਤੇ ਪੁਕਾਰੇ ਜਾਂਦੇ ਹੋ, ਅਤੇ ਉਹ ਤੁਹਾਡੇ ਤੋਂ ਡਰਨਗੇ।
11ਜਿਸ ਦੇਸ਼ ਨੂੰ ਦੇਣ ਦੀ ਸਹੁੰ ਯਾਹਵੇਹ ਨੇ ਤੁਹਾਡੇ ਪੁਰਖਿਆਂ ਨਾਲ ਖਾਦੀ ਸੀ, ਉਸ ਵਿੱਚ ਯਾਹਵੇਹ ਤੁਹਾਡੇ ਪਦਾਰਥਾਂ ਨੂੰ ਅਰਥਾਤ ਤੁਹਾਡੇ ਸਰੀਰਾਂ ਦੇ ਫਲ, ਤੁਹਾਡੇ ਚੌਣੇ ਦੇ ਫਲ ਅਤੇ ਤੁਹਾਡੀ ਜ਼ਮੀਨ ਦੇ ਫਲ ਨੂੰ ਵਧਾਵੇਗਾ।