5ਇਹ ਤੁਹਾਡੀ ਧਾਰਮਿਕਤਾ ਜਾਂ ਤੁਹਾਡੀ ਖਰਿਆਈ ਦੇ ਕਾਰਨ ਨਹੀਂ ਹੈ ਕਿ ਤੁਸੀਂ ਉਹਨਾਂ ਦੀ ਧਰਤੀ ਉੱਤੇ ਕਬਜ਼ਾ ਕਰਨ ਲਈ ਜਾ ਰਹੇ ਹੋ, ਪਰ ਇਹਨਾਂ ਕੌਮਾਂ ਦੀ ਦੁਸ਼ਟਤਾ ਦੇ ਕਾਰਨ, ਤੁਹਾਡਾ ਪਰਮੇਸ਼ਵਰ ਉਹਨਾਂ ਨੂੰ ਤੁਹਾਡੇ ਅੱਗਿਓਂ ਬਾਹਰ ਕੱਢਦਾ ਹੈ, ਤਾਂ ਜੋ ਉਹ ਉਸ ਬਚਨ ਨੂੰ ਕਾਇਮ ਰੱਖੇ ਜੋ ਉਸ ਨੇ ਤੁਹਾਡੇ ਪੁਰਖਿਆਂ, ਅਬਰਾਹਾਮ, ਇਸਹਾਕ ਅਤੇ ਯਾਕੋਬ ਨਾਲ ਸਹੁੰ ਖਾ ਕੇ ਦਿੱਤਾ ਸੀ।
6ਤਾਂ ਇਹ ਸਮਝ ਲਵੋ ਕਿ ਇਹ ਤੁਹਾਡੀ ਧਾਰਮਿਕਤਾ ਦੇ ਕਾਰਨ ਨਹੀਂ ਹੈ ਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਇਹ ਚੰਗੀ ਧਰਤੀ ਪ੍ਰਾਪਤ ਕਰਨ ਲਈ ਦੇ ਰਿਹਾ ਹੈ, ਕਿਉਂ ਜੋ ਤੁਸੀਂ ਕਠੋਰ ਲੋਕ ਹੋ।
7ਇਹ ਯਾਦ ਰੱਖੋ ਅਤੇ ਇਹ ਕਦੇ ਨਾ ਭੁੱਲੋ ਕਿ ਤੁਸੀਂ ਉਜਾੜ ਵਿੱਚ ਆਪਣੇ ਯਾਹਵੇਹ ਦਾ ਕ੍ਰੋਧ ਕਿਵੇਂ ਭੜਕਾਇਆ ਸੀ। ਜਿਸ ਦਿਨ ਤੋਂ ਤੁਸੀਂ ਮਿਸਰ ਛੱਡ ਕੇ ਇੱਥੇ ਪਹੁੰਚੇ ਹੋ, ਤੁਸੀਂ ਯਾਹਵੇਹ ਦੇ ਵਿਰੁੱਧ ਵਿਦਰੋਹ ਹੀ ਕੀਤਾ ਹੈ।
8ਹੋਰੇਬ ਵਿੱਚ ਤੁਸੀਂ ਯਾਹਵੇਹ ਦਾ ਕ੍ਰੋਧ ਭੜਕਾਇਆ ਅਤੇ ਯਾਹਵੇਹ ਤੁਹਾਨੂੰ ਤਬਾਹ ਕਰਨ ਲਈ ਬਹੁਤ ਕ੍ਰੋਧਵਾਨ ਹੋ ਗਿਆ।
9ਜਦੋਂ ਮੈਂ ਪੱਥਰ ਦੀਆਂ ਫੱਟੀਆਂ ਲੈਣ ਲਈ ਪਹਾੜ ਉੱਤੇ ਚੜ੍ਹਿਆ ਅਰਥਾਤ ਨੇਮ ਦੀਆਂ ਫੱਟੀਆਂ ਜਿਹੜੀਆਂ ਯਾਹਵੇਹ ਨੇ ਤੁਹਾਡੇ ਨਾਲ ਬੰਨ੍ਹੀਆਂ ਸੀ, ਮੈਂ ਪਹਾੜ ਉੱਤੇ ਚਾਲੀ ਦਿਨ ਅਤੇ ਚਾਲੀ ਰਾਤਾਂ ਰਿਹਾ, ਮੈਂ ਨਾ ਰੋਟੀ ਖਾਧੀ ਅਤੇ ਨਾ ਪਾਣੀ ਪੀਤਾ।