3ਪਰ ਅੱਜ ਯਕੀਨ ਰੱਖੋ ਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਹੈ ਜੋ ਭਸਮ ਕਰਨ ਵਾਲੀ ਅੱਗ ਵਾਂਗ ਤੁਹਾਡੇ ਅੱਗੇ ਲੰਘਦਾ ਹੈ। ਉਹ ਉਹਨਾਂ ਨੂੰ ਤਬਾਹ ਕਰ ਦੇਵੇਗਾ, ਉਹ ਤੁਹਾਡੇ ਸਾਹਮਣੇ ਉਹਨਾਂ ਨੂੰ ਆਪਣੇ ਅਧੀਨ ਕਰ ਦੇਵੇਗਾ ਅਤੇ ਤੁਸੀਂ ਉਹਨਾਂ ਨੂੰ ਬਾਹਰ ਕੱਢ ਦੇਵੋਗੇ ਅਤੇ ਉਹਨਾਂ ਨੂੰ ਜਲਦੀ ਨਾਸ ਕਰੋਗੇ, ਜਿਵੇਂ ਕਿ ਯਾਹਵੇਹ ਨੇ ਤੁਹਾਡੇ ਨਾਲ ਵਾਅਦਾ ਕੀਤਾ ਹੈ।
4ਜਦੋਂ ਤੁਹਾਡੇ ਪਰਮੇਸ਼ਵਰ ਨੇ ਉਹਨਾਂ ਨੂੰ ਤੁਹਾਡੇ ਸਾਹਮਣੇ ਬਾਹਰ ਕੱਢ ਦਿੱਤਾ ਹੈ, ਤਾਂ ਆਪਣੇ ਆਪ ਨੂੰ ਇਹ ਨਾ ਕਹੋ, “ਯਾਹਵੇਹ ਨੇ ਮੇਰੀ ਧਾਰਮਿਕਤਾ ਦੇ ਕਾਰਨ ਮੈਨੂੰ ਇਸ ਧਰਤੀ ਉੱਤੇ ਕਬਜ਼ਾ ਕਰਨ ਲਈ ਇੱਥੇ ਲਿਆਂਦਾ ਹੈ।” ਨਹੀਂ, ਇਹ ਤਾਂ ਇਹਨਾਂ ਕੌਮਾਂ ਦੀ ਦੁਸ਼ਟਤਾ ਦੇ ਕਾਰਨ ਹੈ ਕਿ ਯਾਹਵੇਹ ਉਹਨਾਂ ਨੂੰ ਤੁਹਾਡੇ ਅੱਗਿਓਂ ਕੱਢ ਰਿਹਾ ਹੈ।
5ਇਹ ਤੁਹਾਡੀ ਧਾਰਮਿਕਤਾ ਜਾਂ ਤੁਹਾਡੀ ਖਰਿਆਈ ਦੇ ਕਾਰਨ ਨਹੀਂ ਹੈ ਕਿ ਤੁਸੀਂ ਉਹਨਾਂ ਦੀ ਧਰਤੀ ਉੱਤੇ ਕਬਜ਼ਾ ਕਰਨ ਲਈ ਜਾ ਰਹੇ ਹੋ, ਪਰ ਇਹਨਾਂ ਕੌਮਾਂ ਦੀ ਦੁਸ਼ਟਤਾ ਦੇ ਕਾਰਨ, ਤੁਹਾਡਾ ਪਰਮੇਸ਼ਵਰ ਉਹਨਾਂ ਨੂੰ ਤੁਹਾਡੇ ਅੱਗਿਓਂ ਬਾਹਰ ਕੱਢਦਾ ਹੈ, ਤਾਂ ਜੋ ਉਹ ਉਸ ਬਚਨ ਨੂੰ ਕਾਇਮ ਰੱਖੇ ਜੋ ਉਸ ਨੇ ਤੁਹਾਡੇ ਪੁਰਖਿਆਂ, ਅਬਰਾਹਾਮ, ਇਸਹਾਕ ਅਤੇ ਯਾਕੋਬ ਨਾਲ ਸਹੁੰ ਖਾ ਕੇ ਦਿੱਤਾ ਸੀ।
6ਤਾਂ ਇਹ ਸਮਝ ਲਵੋ ਕਿ ਇਹ ਤੁਹਾਡੀ ਧਾਰਮਿਕਤਾ ਦੇ ਕਾਰਨ ਨਹੀਂ ਹੈ ਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਇਹ ਚੰਗੀ ਧਰਤੀ ਪ੍ਰਾਪਤ ਕਰਨ ਲਈ ਦੇ ਰਿਹਾ ਹੈ, ਕਿਉਂ ਜੋ ਤੁਸੀਂ ਕਠੋਰ ਲੋਕ ਹੋ।
7ਇਹ ਯਾਦ ਰੱਖੋ ਅਤੇ ਇਹ ਕਦੇ ਨਾ ਭੁੱਲੋ ਕਿ ਤੁਸੀਂ ਉਜਾੜ ਵਿੱਚ ਆਪਣੇ ਯਾਹਵੇਹ ਦਾ ਕ੍ਰੋਧ ਕਿਵੇਂ ਭੜਕਾਇਆ ਸੀ। ਜਿਸ ਦਿਨ ਤੋਂ ਤੁਸੀਂ ਮਿਸਰ ਛੱਡ ਕੇ ਇੱਥੇ ਪਹੁੰਚੇ ਹੋ, ਤੁਸੀਂ ਯਾਹਵੇਹ ਦੇ ਵਿਰੁੱਧ ਵਿਦਰੋਹ ਹੀ ਕੀਤਾ ਹੈ।