8ਦਾਖ਼ਰਸ ਦਾ ਪੀਣਾ ਰੀਤ ਦੇ ਅਨੁਸਾਰ ਹੁੰਦਾ ਸੀ, ਕੋਈ ਕਿਸੇ ਨੂੰ ਜ਼ਬਰਦਸਤੀ ਨਹੀਂ ਪਿਲਾ ਸਕਦਾ ਸੀ, ਕਿਉਂਕਿ ਰਾਜਾ ਨੇ ਆਪਣੇ ਮਹਿਲ ਦੇ ਸਾਰੇ ਭੰਡਾਰੀਆਂ ਨੂੰ ਹੁਕਮ ਦਿੱਤਾ ਸੀ ਕਿ ਹਰੇਕ ਮਹਿਮਾਨ ਨਾਲ ਉਸ ਦੀ ਮਰਜ਼ੀ ਦੇ ਅਨੁਸਾਰ ਹੀ ਵਰਤਾਉ ਕੀਤਾ ਜਾਵੇ।
9ਰਾਣੀ ਵਸ਼ਤੀ ਨੇ ਵੀ ਰਾਜਾ ਅਹਸ਼ਵੇਰੋਸ਼ ਦੇ ਸ਼ਾਹੀ ਮਹਿਲ ਵਿੱਚ ਔਰਤਾਂ ਲਈ ਦਾਅਵਤ ਦਿੱਤੀ।
10ਸੱਤਵੇਂ ਦਿਨ, ਜਦੋਂ ਰਾਜਾ ਅਹਸ਼ਵੇਰੋਸ਼ ਦਾਖ਼ਰਸ ਵਿੱਚ ਸੀ ਤਾਂ ਉਸਨੇ ਸੱਤ ਖੁਸਰਿਆਂ ਨੂੰ ਹੁਕਮ ਦਿੱਤਾ ਜੋ ਉਸਦੀ ਸੇਵਾ ਕਰਦੇ ਸਨ, ਮੇਹੂਮਾਨ, ਬਿਜ਼ਥਾ, ਹਰਬੋਨਾ, ਬਿਗਥਾ, ਅਬਗਥਾ, ਜ਼ਥਾਰ ਅਤੇ ਕਾਰਕਸ।
11ਰਾਜੇ ਨੇ ਇਹ ਹੁਕਮ ਦਿੱਤਾ ਕਿ ਰਾਣੀ ਵਸ਼ਤੀ ਨੂੰ ਆਪਣਾ ਸ਼ਾਹੀ ਮੁਕਟ ਪਹਿਨਾ ਕੇ ਉਸ ਦੇ ਅੱਗੇ ਲਿਆਇਆ ਜਾਵੇ, ਤਾਂ ਜੋ ਉਹ ਲੋਕਾਂ ਅਤੇ ਪਤਵੰਤਿਆਂ ਨੂੰ ਆਪਣੀ ਸੁੰਦਰਤਾ ਵਿਖਾਵੇ ਕਿਉਂ ਜੋ ਉਹ ਵੇਖਣ ਵਿੱਚ ਪਿਆਰੀ ਸੀ।
12ਪਰ ਜਦੋਂ ਸੇਵਕਾਂ ਨੇ ਰਾਜੇ ਦਾ ਹੁਕਮ ਸੁਣਾਇਆ ਤਾਂ ਰਾਣੀ ਵਸ਼ਤੀ ਨੇ ਆਉਣ ਤੋਂ ਇਨਕਾਰ ਕਰ ਦਿੱਤਾ। ਤਦ ਰਾਜਾ ਕ੍ਰੋਧ ਨਾਲ ਭੜਕ ਉੱਠਿਆ।