19ਤਦ ਪਰਮੇਸ਼ਵਰ ਦਾ ਦੂਤ ਜੋ ਇਸਰਾਏਲ ਦੀ ਫ਼ੌਜ ਦੇ ਅੱਗੇ-ਅੱਗੇ ਸਫ਼ਰ ਕਰ ਰਿਹਾ ਸੀ, ਪਿੱਛੇ ਹਟ ਗਿਆ ਅਤੇ ਉਹਨਾਂ ਦੇ ਪਿੱਛੇ ਚਲਾ ਗਿਆ। ਬੱਦਲ ਦਾ ਥੰਮ੍ਹ ਵੀ ਅੱਗੇ ਤੋਂ ਹਿੱਲ ਕੇ ਉਹਨਾਂ ਦੇ ਪਿੱਛੇ ਖੜਾ ਹੋ ਗਿਆ।
20ਇਸ ਤਰ੍ਹਾਂ ਉਹ ਇਸਰਾਏਲੀ ਲੋਕਾਂ ਅਤੇ ਮਿਸਰ ਦੀ ਫੌਜ ਵਿਚਕਾਰ ਦੀਵਾਰ ਦੀ ਤਰ੍ਹਾਂ ਖੜ੍ਹਾਂ ਹੋ ਗਿਆ। ਇਸ ਤਰ੍ਹਾਂ ਉਹਨਾਂ ਧਿਰਾਂ ਦੇ ਵਿਚਕਾਰ ਬੱਦਲ ਅਤੇ ਹਨ੍ਹੇਰੀ ਸੀ ਜਿਸ ਕਾਰਨ ਉਹ ਇੱਕ-ਦੂਜੇ ਦੇ ਨੇੜੇ ਨਾ ਆਏ।
21ਤਦ ਮੋਸ਼ੇਹ ਨੇ ਆਪਣਾ ਹੱਥ ਸਮੁੰਦਰ ਉੱਤੇ ਪਸਾਰਿਆ, ਅਤੇ ਸਾਰੀ ਰਾਤ ਯਾਹਵੇਹ ਨੇ ਤੇਜ ਪੁਰੇ ਦੀ ਹਵਾ ਸਾਰੀ ਰਾਤ ਵਗਾ ਕੇ ਸਮੁੰਦਰ ਨੂੰ ਸੁਕਾ ਦਿੱਤਾ ਅਤੇ ਪਾਣੀ ਦੋ ਭਾਗ ਹੋ ਗਏ।
22ਅਤੇ ਇਸਰਾਏਲੀ ਸੁੱਕੀ ਜ਼ਮੀਨ ਉੱਤੇ ਸਮੁੰਦਰ ਵਿੱਚੋਂ ਦੀ ਲੰਘੇ, ਉਹਨਾਂ ਦੇ ਸੱਜੇ ਅਤੇ ਖੱਬੇ ਪਾਸੇ ਪਾਣੀ ਦੀ ਕੰਧ ਵਾਂਗੂੰ ਸੀ।
23ਮਿਸਰੀਆਂ ਨੇ ਉਹਨਾਂ ਦਾ ਪਿੱਛਾ ਕੀਤਾ ਅਤੇ ਫ਼ਿਰਾਊਨ ਦੇ ਸਾਰੇ ਘੋੜੇ, ਰਥ ਅਤੇ ਘੋੜਸਵਾਰ ਸਮੁੰਦਰ ਵਿੱਚ ਉਹਨਾਂ ਦੇ ਪਿੱਛੇ ਚਲੇ ਗਏ।