ਕੂਚ 20

1ਫਿਰ ਪਰਮੇਸ਼ਵਰ ਨੇ ਇਹ ਸਾਰੇ ਸ਼ਬਦ ਕਹੇ ਕਿ:

2“ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ, ਜੋ ਤੁਹਾਨੂੰ ਮਿਸਰ ਦੇਸ਼ ਦੀ ਗੁਲਾਮੀ ਵਿੱਚੋਂ ਬਾਹਰ ਲਿਆਇਆ।

3“ਮੇਰੇ ਤੋਂ ਇਲਾਵਾ ਤੁਹਾਡੇ ਲਈ ਕੋਈ ਹੋਰ ਦੇਵਤੇ ਨਾ ਹੋਣ।

4ਤੁਸੀਂ ਆਪਣੇ ਲਈ ਘੜ੍ਹੀ ਹੋਈ ਮੂਰਤ ਨਾ ਬਣਾਉਣਾ, ਨਾ ਕਿਸੇ ਚੀਜ਼ ਦੀ ਸੂਰਤ ਜਿਹੜੀ ਉੱਪਰ ਅਕਾਸ਼ ਵਿੱਚ ਅਤੇ ਜਿਹੜੀ ਹੇਠਾਂ ਧਰਤੀ ਉੱਤੇ ਜਿਹੜੀ ਧਰਤੀ ਦੇ ਹੇਠਲੇ ਪਾਣੀ ਵਿੱਚ ਹੈ।

5ਤੁਸੀਂ ਉਹਨਾਂ ਦੇ ਅੱਗੇ ਮੱਥਾ ਨਾ ਟੇਕਣਾ ਅਤੇ ਨਾ ਹੀ ਉਹਨਾਂ ਦੀ ਪੂਜਾ ਕਰਨਾ ਕਿਉਂਕਿ ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਇੱਕ ਅਣਖ ਵਾਲਾ ਪਰਮੇਸ਼ਵਰ ਹਾਂ, ਜਿਹੜਾ ਪੁਰਖਿਆਂ ਦੀ ਬੁਰਿਆਈ ਦੀ ਸਜ਼ਾ ਨੂੰ ਬੱਚਿਆਂ ਉੱਤੇ ਅਤੇ ਆਪਣੇ ਵੈਰੀਆਂ ਦੀ ਤੀਜੀ ਅਤੇ ਚੌਥੀ ਪੀੜ੍ਹੀ ਉੱਤੇ ਲਿਆਉਂਦਾ ਹਾਂ।

6ਪਰ ਉਹਨਾਂ ਹਜ਼ਾਰਾਂ ਪੀੜ੍ਹੀਆਂ ਨੂੰ ਪਿਆਰ ਕਰਦਾ ਹਾਂ ਜਿਹੜੇ ਮੈਨੂੰ ਪਿਆਰ ਕਰਦੇ ਹਨ ਅਤੇ ਮੇਰੇ ਹੁਕਮਾਂ ਦੀ ਪਾਲਨਾ ਕਰਦੇ ਹਨ।

7ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦਾ ਨਾਮ ਵਿਅਰਥ ਨਾ ਲੈਣਾ, ਕਿਉਂਕਿ ਜੋ ਕੋਈ ਉਸਦਾ ਨਾਮ ਵਿਅਰਥ ਲੈਂਦਾ ਹੈ, ਯਾਹਵੇਹ ਉਸਨੂੰ ਨਿਰਦੋਸ਼ ਨਾ ਠਹਿਰਾਵੇਗਾ।

8ਸਬਤ ਦੇ ਦਿਨ ਨੂੰ ਪਵਿੱਤਰ ਸਮਝ ਕੇ ਯਾਦ ਰੱਖ।

9ਛੇ ਦਿਨ ਤੁਸੀਂ ਮਿਹਨਤ ਕਰੋ ਅਤੇ ਆਪਣਾ ਸਾਰਾ ਕੰਮ ਕਰੋ,

10ਪਰ ਸੱਤਵਾਂ ਦਿਨ ਯਾਹਵੇਹ ਤੁਹਾਡੇ ਪਰਮੇਸ਼ਵਰ ਲਈ ਸਬਤ ਦਾ ਦਿਨ ਹੈ। ਉਸ ਦਿਨ ਤੁਸੀਂ ਕੋਈ ਕੰਮ ਨਾ ਕਰੋ, ਨਾ ਤੁਸੀਂ, ਨਾ ਤੁਹਾਡੇ ਪੁੱਤਰ, ਨਾ ਤੁਹਾਡੀ ਧੀ, ਨਾ ਤੁਹਾਡੇ ਦਾਸ ਨਾ ਦਾਸੀ, ਨਾ ਤੁਹਾਡੇ ਪਸ਼ੂ, ਨਾ ਕੋਈ ਪਰਦੇਸੀ ਜੋ ਤੁਹਾਡੇ ਨਗਰਾਂ ਵਿੱਚ ਵੱਸਦਾ ਹੈ।

11ਕਿਉਂਕਿ ਛੇ ਦਿਨਾਂ ਵਿੱਚ ਯਾਹਵੇਹ ਨੇ ਅਕਾਸ਼ ਅਤੇ ਧਰਤੀ, ਸਮੁੰਦਰ ਅਤੇ ਜੋ ਕੁਝ ਉਨ੍ਹਾਂ ਦੇ ਵਿੱਚ ਹੈ ਬਣਾਇਆ, ਪਰ ਸੱਤਵੇਂ ਦਿਨ ਉਸਨੇ ਆਰਾਮ ਕੀਤਾ। ਇਸ ਲਈ ਯਾਹਵੇਹ ਨੇ ਸਬਤ ਦੇ ਦਿਨ ਨੂੰ ਅਸੀਸ ਦਿੱਤੀ ਅਤੇ ਇਸਨੂੰ ਪਵਿੱਤਰ ਬਣਾਇਆ।

12ਆਪਣੇ ਪਿਤਾ ਅਤੇ ਆਪਣੀ ਮਾਤਾ ਦਾ ਸਤਿਕਾਰ ਕਰ, ਤਾਂ ਜੋ ਧਰਤੀ ਉੱਤੇ ਤੇਰੀ ਉਮਰ ਲੰਮੀ ਹੋਵੇ ਜੋ ਤੁਹਾਡਾ ਪਰਮੇਸ਼ਵਰ ਤੁਹਾਨੂੰ ਦਿੰਦਾ ਹੈ।

13ਤੂੰ ਕਤਲ ਨਾ ਕਰਨਾ।

14ਤੂੰ ਵਿਭਚਾਰ ਨਾ ਕਰਨਾ।

15ਤੂੰ ਚੋਰੀ ਨਾ ਕਰਨਾ।

16ਤੂੰ ਆਪਣੇ ਗੁਆਂਢੀ ਦੇ ਵਿਰੁੱਧ ਝੂਠੀ ਗਵਾਹੀ ਨਾ ਦੇਣਾ।

17ਤੂੰ ਆਪਣੇ ਗੁਆਂਢੀ ਦੇ ਘਰ ਦਾ ਲਾਲਚ ਨਾ ਕਰ। ਤੂੰ ਆਪਣੇ ਗੁਆਂਢੀ ਦੀ ਪਤਨੀ, ਉਸ ਦੇ ਨੌਕਰ ਜਾਂ ਨੌਕਰਾਨੀ, ਉਸ ਦੇ ਬਲਦ, ਗਧੇ ਜਾਂ ਤੂੰ ਗੁਆਂਢੀ ਦੀ ਕਿਸੇ ਵੀ ਚੀਜ਼ ਦਾ ਲਾਲਚ ਨਾ ਕਰਨਾ।”

18ਜਦੋਂ ਲੋਕਾਂ ਨੇ ਗਰਜ ਅਤੇ ਬਿਜਲੀ ਵੇਖੀ ਅਤੇ ਤੁਰ੍ਹੀ ਦੀ ਆਵਾਜ਼ ਸੁਣੀ ਅਤੇ ਪਹਾੜ ਨੂੰ ਧੂੰਏਂ ਵਿੱਚ ਦੇਖਿਆ, ਤਾਂ ਉਹ ਡਰ ਨਾਲ ਕੰਬਦੇ ਹੋਏ ਦੂਰੀ ਤੇ ਖੜੇ ਰਹੇ

19ਅਤੇ ਉਹਨਾਂ ਮੋਸ਼ੇਹ ਨੂੰ ਆਖਿਆ, “ਤੂੰ ਆਪ ਸਾਡੇ ਨਾਲ ਗੱਲ ਕਰ ਅਤੇ ਅਸੀਂ ਸੁਣਾਂਗੇ। ਪਰ ਪਰਮੇਸ਼ਵਰ ਸਾਡੇ ਨਾਲ ਗੱਲ ਨਾ ਕਰੇ ਕਿਤੇ ਅਸੀਂ ਮਰ ਨਾ ਜਾਈਏ।”

20ਮੋਸ਼ੇਹ ਨੇ ਲੋਕਾਂ ਨੂੰ ਆਖਿਆ, “ਨਾ ਡਰੋ। ਪਰਮੇਸ਼ਵਰ ਤੁਹਾਨੂੰ ਪਰਖਣ ਲਈ ਆਇਆ ਹੈ, ਤਾਂ ਜੋ ਤੁਹਾਨੂੰ ਪਾਪ ਕਰਨ ਤੋਂ ਬਚਾਉਣ ਲਈ ਪਰਮੇਸ਼ਵਰ ਦਾ ਡਰ ਤੁਹਾਡੇ ਨਾਲ ਰਹੇ।”

21ਲੋਕ ਇੱਕ ਦੂਰੀ ਤੇ ਰਹੇ, ਜਦੋਂ ਕਿ ਮੋਸ਼ੇਹ ਸੰਘਣੇ ਹਨੇਰੇ ਕੋਲ ਪਹੁੰਚਿਆ ਜਿੱਥੇ ਪਰਮੇਸ਼ਵਰ ਸੀ।

22ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਇਸਰਾਏਲ ਦੇ ਲੋਕਾਂ ਨੂੰ ਇਹ ਦੱਸ, ‘ਤੁਸੀਂ ਆਪ ਦੇਖਿਆ ਹੈ ਕਿ ਮੈਂ ਤੁਹਾਡੇ ਨਾਲ ਸਵਰਗ ਤੋਂ ਗੱਲ ਕੀਤੀ ਹੈ।

23ਮੇਰੇ ਲਈ ਕੋਈ ਦੇਵਤਾ ਨਾ ਬਣਾਓ, ਆਪਣੇ ਲਈ ਚਾਂਦੀ ਦੇ ਦੇਵਤੇ ਜਾਂ ਸੋਨੇ ਦੇ ਦੇਵਤੇ ਨਾ ਬਣਾਓ।

24“ ‘ਮੇਰੇ ਲਈ ਮਿੱਟੀ ਦੀ ਇੱਕ ਜਗਵੇਦੀ ਬਣਾ ਅਤੇ ਉਸ ਉੱਤੇ ਆਪਣੀਆਂ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ, ਆਪਣੀਆਂ ਭੇਡਾਂ, ਬੱਕਰੀਆਂ ਅਤੇ ਆਪਣੇ ਪਸ਼ੂ ਚੜ੍ਹਾਓ। ਹਰ ਸਥਾਨ ਜਿੱਥੇ ਮੈਂ ਆਪਣਾ ਨਾਮ ਚੇਤੇ ਕਰਾਉਂਦਾ ਹਾਂ, ਮੈਂ ਤੁਹਾਡੇ ਕੋਲ ਆ ਕੇ ਤੁਹਾਨੂੰ ਅਸੀਸ ਦਿਆਂਗਾ।

25ਜੇ ਤੁਸੀਂ ਮੇਰੇ ਲਈ ਪੱਥਰਾਂ ਦੀ ਜਗਵੇਦੀ ਬਣਾਉਂਦੇ ਹੋ, ਤਾਂ ਉਹ ਪੱਥਰ ਲਓ ਜਿਸ ਉੱਤੇ ਕਦੇ ਕੋਈ ਹਥਿਆਰ ਨਹੀਂ ਚਲਾਇਆ ਗਿਆ ਨਹੀਂ ਤਾਂ ਤੁਸੀਂ ਉਸ ਨੂੰ ਅਸ਼ੁੱਧ ਕਰ ਦੇਵੋਗੇ।

26ਅਤੇ ਪੌੜੀਆਂ ਚੜ੍ਹ ਕੇ ਮੇਰੀ ਜਗਵੇਦੀ ਉੱਤੇ ਨਾ ਜਾਓ, ਕਿਤੇ ਤੁਹਾਡਾ ਨੰਗੇਜ਼ ਉਸ ਉੱਤੇ ਖੁੱਲ੍ਹ ਨਾ ਜਾਵੇ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.