20ਮੋਸ਼ੇਹ ਨੇ ਲੋਕਾਂ ਨੂੰ ਆਖਿਆ, “ਨਾ ਡਰੋ। ਪਰਮੇਸ਼ਵਰ ਤੁਹਾਨੂੰ ਪਰਖਣ ਲਈ ਆਇਆ ਹੈ, ਤਾਂ ਜੋ ਤੁਹਾਨੂੰ ਪਾਪ ਕਰਨ ਤੋਂ ਬਚਾਉਣ ਲਈ ਪਰਮੇਸ਼ਵਰ ਦਾ ਡਰ ਤੁਹਾਡੇ ਨਾਲ ਰਹੇ।”
21ਲੋਕ ਇੱਕ ਦੂਰੀ ਤੇ ਰਹੇ, ਜਦੋਂ ਕਿ ਮੋਸ਼ੇਹ ਸੰਘਣੇ ਹਨੇਰੇ ਕੋਲ ਪਹੁੰਚਿਆ ਜਿੱਥੇ ਪਰਮੇਸ਼ਵਰ ਸੀ।
22ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਇਸਰਾਏਲ ਦੇ ਲੋਕਾਂ ਨੂੰ ਇਹ ਦੱਸ, ‘ਤੁਸੀਂ ਆਪ ਦੇਖਿਆ ਹੈ ਕਿ ਮੈਂ ਤੁਹਾਡੇ ਨਾਲ ਸਵਰਗ ਤੋਂ ਗੱਲ ਕੀਤੀ ਹੈ।
23ਮੇਰੇ ਲਈ ਕੋਈ ਦੇਵਤਾ ਨਾ ਬਣਾਓ, ਆਪਣੇ ਲਈ ਚਾਂਦੀ ਦੇ ਦੇਵਤੇ ਜਾਂ ਸੋਨੇ ਦੇ ਦੇਵਤੇ ਨਾ ਬਣਾਓ।
24“ ‘ਮੇਰੇ ਲਈ ਮਿੱਟੀ ਦੀ ਇੱਕ ਜਗਵੇਦੀ ਬਣਾ ਅਤੇ ਉਸ ਉੱਤੇ ਆਪਣੀਆਂ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ, ਆਪਣੀਆਂ ਭੇਡਾਂ, ਬੱਕਰੀਆਂ ਅਤੇ ਆਪਣੇ ਪਸ਼ੂ ਚੜ੍ਹਾਓ। ਹਰ ਸਥਾਨ ਜਿੱਥੇ ਮੈਂ ਆਪਣਾ ਨਾਮ ਚੇਤੇ ਕਰਾਉਂਦਾ ਹਾਂ, ਮੈਂ ਤੁਹਾਡੇ ਕੋਲ ਆ ਕੇ ਤੁਹਾਨੂੰ ਅਸੀਸ ਦਿਆਂਗਾ।