7ਯਾਹਵੇਹ ਨੇ ਕਿਹਾ, “ਮੈਂ ਮਿਸਰ ਵਿੱਚ ਆਪਣੇ ਲੋਕਾਂ ਦੇ ਦੁੱਖ ਦੇਖੇ ਹਨ। ਮੈਂ ਉਹਨਾਂ ਨੂੰ ਮਿਸਰੀਆ ਦੇ ਕਾਰਨ ਚੀਕਦੇ ਸੁਣਿਆ ਹੈ ਅਤੇ ਮੈਂ ਉਹਨਾਂ ਦੇ ਦੁੱਖਾਂ ਬਾਰੇ ਚਿੰਤਤ ਹਾਂ।
8ਇਸ ਲਈ ਮੈਂ ਉਹਨਾਂ ਨੂੰ ਮਿਸਰੀਆਂ ਦੇ ਹੱਥੋਂ ਛੁਡਾਉਣ ਲਈ ਹੇਠਾਂ ਆਇਆ ਹਾਂ ਅਤੇ ਉਹਨਾਂ ਨੂੰ ਉਸ ਦੇਸ਼ ਵਿੱਚੋਂ ਇੱਕ ਚੰਗੀ ਅਤੇ ਵਿਸ਼ਾਲ ਧਰਤੀ ਵਿੱਚ ਲਿਆਵਾਂਗਾ, ਜਿਸ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ, ਕਨਾਨੀਆਂ, ਹਿੱਤੀਆਂ, ਅਮੋਰੀਆਂ, ਪਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਦਾ ਘਰ।
9ਅਤੇ ਹੁਣ ਇਸਰਾਏਲੀਆਂ ਦੀ ਦੁਹਾਈ ਮੇਰੇ ਤੱਕ ਪਹੁੰਚ ਗਈ ਹੈ ਅਤੇ ਮੈਂ ਦੇਖਿਆ ਹੈ ਕਿ ਮਿਸਰੀ ਕਿਵੇਂ ਉਹਨਾਂ ਉੱਤੇ ਜ਼ੁਲਮ ਕਰਦੇ ਹਨ।
10ਇਸ ਲਈ ਹੁਣ ਤੂੰ ਜਾ ਅਤੇ ਮੈਂ ਤੈਨੂੰ ਫ਼ਿਰਾਊਨ ਕੋਲ ਭੇਜ ਰਿਹਾ ਹਾਂ ਤਾਂ ਜੋ ਤੂੰ ਮੇਰੀ ਪਰਜਾ ਇਸਰਾਏਲੀਆਂ ਨੂੰ ਮਿਸਰ ਤੋਂ ਬਾਹਰ ਕੱਢ ਲਿਆਵੇ।”
11ਪਰ ਮੋਸ਼ੇਹ ਨੇ ਪਰਮੇਸ਼ਵਰ ਨੂੰ ਕਿਹਾ, “ਮੈਂ ਕੌਣ ਹਾਂ ਜੋ ਮੈਂ ਫ਼ਿਰਾਊਨ ਕੋਲ ਜਾਵਾਂ ਅਤੇ ਇਸਰਾਏਲੀਆਂ ਨੂੰ ਮਿਸਰ ਵਿੱਚੋਂ ਬਾਹਰ ਲਿਆਵਾਂ?”