6ਇਸ ਲਈ ਅਗਲੇ ਦਿਨ ਲੋਕ ਤੜਕੇ ਉੱਠੇ ਅਤੇ ਹੋਮ ਦੀਆਂ ਭੇਟਾਂ ਚੜ੍ਹਾਈਆਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ। ਇਸ ਤੋਂ ਬਾਅਦ ਉਹ ਖਾਣ-ਪੀਣ ਲਈ ਬੈਠ ਗਏ ਅਤੇ ਖੜ੍ਹੇ ਹੋ ਕੇ ਹੱਸਣ ਖੇਡਣ ਲੱਗੇ।
7ਫਿਰ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਹੇਠਾਂ ਜਾ, ਕਿਉਂਕਿ ਤੇਰੇ ਲੋਕ, ਜਿਨ੍ਹਾਂ ਨੂੰ ਤੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ, ਭ੍ਰਿਸ਼ਟ ਹੋ ਗਏ ਹਨ।
8ਜੋ ਮੈਂ ਉਹਨਾਂ ਨੂੰ ਹੁਕਮ ਦਿੱਤਾ ਸੀ, ਉਹਨਾਂ ਨੇ ਉਸ ਤੋਂ ਮੂੰਹ ਮੋੜ ਲਿਆ ਹੈ ਅਤੇ ਆਪਣੇ ਲਈ ਇੱਕ ਵੱਛੇ ਦੀ ਸ਼ਕਲ ਵਰਗੀ ਮੂਰਤੀ ਬਣਾ ਲਈ ਹੈ। ਉਹਨਾਂ ਨੇ ਉਹ ਦੇ ਅੱਗੇ ਮੱਥਾ ਟੇਕਿਆ ਅਤੇ ਬਲੀਆਂ ਚੜ੍ਹਾਈਆਂ ਅਤੇ ਆਖਿਆ, ‘ਹੇ ਇਸਰਾਏਲ, ਇਹ ਤੇਰੇ ਦੇਵਤੇ ਹਨ, ਜਿਨ੍ਹਾਂ ਨੇ ਤੈਨੂੰ ਮਿਸਰ ਵਿੱਚੋਂ ਬਾਹਰ ਲਿਆਂਦਾ ਹੈ।’
9“ਮੈਂ ਇਨ੍ਹਾਂ ਲੋਕਾਂ ਨੂੰ ਦੇਖਿਆ ਹੈ, ਯਾਹਵੇਹ ਨੇ ਮੋਸ਼ੇਹ ਨੂੰ ਕਿਹਾ ਕਿ ਇਹ ਕਠੋਰ ਲੋਕ ਹਨ।
10ਹੁਣ ਮੈਨੂੰ ਇਕੱਲਾ ਛੱਡ ਦੇ ਤਾਂ ਜੋ ਮੇਰਾ ਕ੍ਰੋਧ ਉਹਨਾਂ ਉੱਤੇ ਭੜਕ ਜਾਵੇ ਅਤੇ ਮੈਂ ਉਹਨਾਂ ਦਾ ਨਾਸ ਕਰਾਂ। ਫਿਰ ਮੈਂ ਤੁਹਾਨੂੰ ਇੱਕ ਮਹਾਨ ਕੌਮ ਬਣਾਵਾਂਗਾ।”