1ਫਿਰ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਫ਼ਿਰਾਊਨ ਕੋਲ ਜਾ ਅਤੇ ਉਸਨੂੰ ਆਖ, ‘ਯਾਹਵੇਹ, ਇਬਰਾਨੀਆਂ ਦਾ ਪਰਮੇਸ਼ਵਰ ਇਹ ਆਖਦਾ ਹੈ ਕਿ “ਮੇਰੇ ਲੋਕਾਂ ਨੂੰ ਜਾਣ ਦਿਓ, ਤਾਂ ਜੋ ਉਹ ਮੇਰੀ ਉਪਾਸਨਾ ਕਰਨ।”
2ਜੇਕਰ ਤੂੰ ਉਹਨਾਂ ਨੂੰ ਜਾਣ ਦੇਣ ਤੋਂ ਇਨਕਾਰ ਕਰੇਂਗਾ ਅਤੇ ਉਹਨਾਂ ਨੂੰ ਰੋਕ ਕੇ ਰਖੇਂਗਾ,
3ਯਾਹਵੇਹ ਦਾ ਹੱਥ ਖੇਤਾਂ ਵਿੱਚ ਤੇਰੇ ਪਸ਼ੂਆਂ ਉੱਤੇ, ਤੁਹਾਡੇ ਘੋੜਿਆਂ, ਗਧਿਆਂ, ਊਠਾਂ ਅਤੇ ਤੁਹਾਡੇ ਪਸ਼ੂਆਂ, ਭੇਡਾਂ ਅਤੇ ਬੱਕਰੀਆਂ ਉੱਤੇ ਇੱਕ ਭਿਆਨਕ ਬਿਪਤਾ ਲਿਆਵੇਗਾ।
4ਪਰ ਯਾਹਵੇਹ ਇਸਰਾਏਲ ਅਤੇ ਮਿਸਰ ਦੇ ਪਸ਼ੂਆਂ ਵਿੱਚ ਫ਼ਰਕ ਕਰੇਗਾ, ਤਾਂ ਜੋ ਇਸਰਾਏਲੀਆਂ ਦਾ ਕੋਈ ਵੀ ਜਾਨਵਰ ਨਾ ਮਰੇ।’ ”
5ਯਾਹਵੇਹ ਨੇ ਇੱਕ ਸਮਾਂ ਠਹਿਰਿਆ ਅਤੇ ਕਿਹਾ, “ਕੱਲ੍ਹ ਨੂੰ ਯਾਹਵੇਹ ਇਸ ਧਰਤੀ ਵਿੱਚ ਅਜਿਹਾ ਕਰੇਗਾ।”