5ਕੀ ਉਸ ਨੇ ਮੈਨੂੰ ਇਹ ਨਹੀਂ ਕਿਹਾ, ‘ਉਹ ਮੇਰੀ ਭੈਣ ਹੈ,’ ਅਤੇ ਇਹ ਵੀ ਨਹੀਂ ਕਿਹਾ, ‘ਉਹ ਮੇਰਾ ਭਰਾ ਹੈ’? ਮੈਂ ਸਾਫ਼ ਜ਼ਮੀਰ ਅਤੇ ਸਾਫ਼ ਹੱਥਾਂ ਨਾਲ ਇਹ ਕੀਤਾ ਹੈ।”
6ਤਦ ਪਰਮੇਸ਼ਵਰ ਨੇ ਸੁਪਨੇ ਵਿੱਚ ਉਸ ਨੂੰ ਕਿਹਾ, “ਹਾਂ, ਮੈਂ ਜਾਣਦਾ ਹਾਂ ਕਿ ਤੂੰ ਇਹ ਗੱਲ ਸਾਫ਼ ਜ਼ਮੀਰ ਨਾਲ ਕੀਤੀ ਹੈ, ਇਸ ਲਈ ਮੈਂ ਤੈਨੂੰ ਮੇਰੇ ਵਿਰੁੱਧ ਪਾਪ ਕਰਨ ਤੋਂ ਰੋਕਿਆ ਹੈ। ਇਸੇ ਲਈ ਮੈਂ ਤੈਨੂੰ ਉਸ ਨੂੰ ਛੂਹਣ ਨਹੀਂ ਦਿੱਤਾ।
7ਹੁਣ ਆਦਮੀ ਦੀ ਪਤਨੀ ਨੂੰ ਮੋੜ ਦੇ ਕਿਉਂ ਜੋ ਉਹ ਇੱਕ ਨਬੀ ਹੈ ਅਤੇ ਉਹ ਤੇਰੇ ਲਈ ਪ੍ਰਾਰਥਨਾ ਕਰੇਗਾ ਅਤੇ ਤੂੰ ਜੀਉਂਦਾ ਰਹੇਂਗਾ। ਪਰ ਜੇ ਤੂੰ ਉਸ ਨੂੰ ਵਾਪਸ ਨਹੀਂ ਕਰੇ, ਤਾਂ ਤੂੰ ਜਾਣ ਲੈ ਕੇ ਕਿ ਤੂੰ ਅਤੇ ਤੇਰੇ ਸਾਰੇ ਲੋਕ ਜ਼ਰੂਰ ਮਰਨਗੇ।”
8ਅਗਲੀ ਸਵੇਰ ਅਬੀਮੇਲੇਕ ਨੇ ਆਪਣੇ ਸਾਰੇ ਅਧਿਕਾਰੀਆਂ ਨੂੰ ਬੁਲਾਇਆ ਅਤੇ ਜਦੋਂ ਉਸ ਨੇ ਉਹਨਾਂ ਨੂੰ ਸਾਰੀ ਗੱਲ ਦੱਸੀ ਤਾਂ ਉਹ ਬਹੁਤ ਡਰ ਗਏ।
9ਤਦ ਅਬੀਮੇਲੇਕ ਨੇ ਅਬਰਾਹਾਮ ਨੂੰ ਅੰਦਰ ਬੁਲਾਇਆ ਅਤੇ ਆਖਿਆ, “ਤੂੰ ਸਾਡੇ ਨਾਲ ਕੀ ਕੀਤਾ ਹੈ? ਮੈਂ ਤੇਰਾ ਕੀ ਗਲਤ ਕੀਤਾ ਕਿ ਤੂੰ ਮੇਰੇ ਅਤੇ ਮੇਰੇ ਰਾਜ ਉੱਤੇ ਇੰਨਾ ਵੱਡਾ ਦੋਸ਼ ਲਿਆਇਆ ਹੈ? ਤੂੰ ਮੇਰੇ ਨਾਲ ਉਹ ਕੰਮ ਕੀਤਾ ਜੋ ਤੈਨੂੰ ਨਹੀਂ ਕਰਨਾ ਚਹੀਦਾ ਸੀ।”