6ਤਦ ਯਾਕੋਬ ਨੇ ਉਹਨਾਂ ਨੂੰ ਪੁੱਛਿਆ, ਕੀ ਉਹ ਠੀਕ ਹੈ? ਉਹਨਾਂ ਨੇ ਕਿਹਾ, “ਹਾਂ ਉਹ ਠੀਕ ਹੈ ਅਤੇ ਇੱਥੇ ਉਸਦੀ ਧੀ ਰਾਖ਼ੇਲ ਭੇਡਾਂ ਲੈ ਕੇ ਆ ਰਹੀ ਹੈ।”
7ਉਸ ਨੇ ਕਿਹਾ, “ਵੇਖੋ, ਸੂਰਜ ਅਜੇ ਵੀ ਉੱਚਾ ਹੈ। ਇਹ ਇੱਜੜਾਂ ਦੇ ਇਕੱਠੇ ਹੋਣ ਦਾ ਸਮਾਂ ਨਹੀਂ ਹੈ। ਭੇਡਾਂ ਨੂੰ ਪਾਣੀ ਪਿਲਾਓ ਅਤੇ ਉਹਨਾਂ ਨੂੰ ਚਰਾਉਣ ਲਈ ਵਾਪਸ ਲੈ ਜਾਓ।”
8ਉਹਨਾਂ ਨੇ ਉੱਤਰ ਦਿੱਤਾ, “ਅਸੀਂ ਨਹੀਂ ਕਰ ਸਕਦੇ ਜਦੋਂ ਤੱਕ ਸਾਰੇ ਇੱਜੜ ਇਕੱਠੇ ਨਾ ਹੋ ਜਾਣ ਅਤੇ ਪੱਥਰ ਨੂੰ ਖੂਹ ਦੇ ਮੂੰਹ ਤੋਂ ਹਟਾ ਦਿੱਤਾ ਜਾਵੇ। ਫਿਰ ਅਸੀਂ ਭੇਡਾਂ ਨੂੰ ਪਾਣੀ ਪਿਲਾ ਸਕਦੇ ਹਾਂ।”
9ਜਦੋਂ ਉਹ ਅਜੇ ਉਹਨਾਂ ਨਾਲ ਗੱਲਾਂ ਕਰ ਰਿਹਾ ਸੀ ਤਾਂ ਰਾਖ਼ੇਲ ਆਪਣੇ ਪਿਤਾ ਦੀਆਂ ਭੇਡਾਂ ਨਾਲ ਆਈ ਕਿਉਂ ਜੋ ਉਹ ਇੱਕ ਆਜੜੀ ਸੀ।
10ਜਦੋਂ ਯਾਕੋਬ ਨੇ ਆਪਣੇ ਚਾਚੇ ਲਾਬਾਨ ਦੀ ਧੀ ਰਾਖ਼ੇਲ ਅਤੇ ਲਾਬਾਨ ਦੀਆਂ ਭੇਡਾਂ ਨੂੰ ਵੇਖਿਆ ਤਾਂ ਉਸ ਨੇ ਪਾਰ ਜਾ ਕੇ ਪੱਥਰ ਨੂੰ ਖੂਹ ਦੇ ਮੂੰਹ ਤੋਂ ਹਟਾ ਦਿੱਤਾ ਅਤੇ ਆਪਣੇ ਚਾਚੇ ਦੀਆਂ ਭੇਡਾਂ ਨੂੰ ਪਾਣੀ ਪਿਲਾਇਆ।