1ਤਦ ਪਰਮੇਸ਼ਵਰ ਨੇ ਯਾਕੋਬ ਨੂੰ ਕਿਹਾ, “ਬੈਤਏਲ ਵਿੱਚ ਜਾ, ਉੱਥੇ ਵੱਸ ਜਾ ਅਤੇ ਉੱਥੇ ਪਰਮੇਸ਼ਵਰ ਲਈ ਇੱਕ ਜਗਵੇਦੀ ਬਣਾ ਜੋ ਤੈਨੂੰ ਉਸ ਵੇਲੇ ਦਰਸ਼ਣ ਹੋਇਆ ਸੀ ਜਦੋਂ ਤੂੰ ਆਪਣੇ ਭਰਾ ਏਸਾਓ ਕੋਲੋਂ ਭੱਜਿਆ ਸੀ।”
2ਇਸ ਲਈ ਯਾਕੋਬ ਨੇ ਆਪਣੇ ਘਰਾਣੇ ਨੂੰ ਅਤੇ ਆਪਣੇ ਨਾਲ ਦੇ ਸਾਰੇ ਲੋਕਾਂ ਨੂੰ ਆਖਿਆ, “ਆਪਣੇ ਨਾਲ ਦੇ ਪਰਾਏ ਦੇਵਤਿਆਂ ਨੂੰ ਛੱਡ ਦਿਓ ਅਤੇ ਆਪਣੇ ਆਪ ਨੂੰ ਸ਼ੁੱਧ ਕਰੋ ਅਤੇ ਆਪਣੇ ਬਸਤਰ ਬਦਲੋ।
3ਹੁਣ ਆਓ, ਅਸੀਂ ਬੈਤਏਲ ਨੂੰ ਚੱਲੀਏ ਜਿੱਥੇ ਮੈਂ ਪਰਮੇਸ਼ਵਰ ਲਈ ਇੱਕ ਜਗਵੇਦੀ ਬਣਾਵਾਂਗਾ, ਜਿਸ ਨੇ ਮੇਰੀ ਬਿਪਤਾ ਦੇ ਦਿਨ ਮੈਨੂੰ ਉੱਤਰ ਦਿੱਤਾ ਅਤੇ ਜਿੱਥੇ ਵੀ ਮੈਂ ਗਿਆ ਹਾਂ ਮੇਰੇ ਨਾਲ ਹੈ।”
4ਸੋ ਉਹਨਾਂ ਨੇ ਯਾਕੋਬ ਨੂੰ ਉਹ ਸਾਰੇ ਪਰਾਏ ਦੇਵਤੇ ਦਿੱਤੇ ਜੋ ਉਹਨਾਂ ਕੋਲ ਸਨ ਅਤੇ ਕੰਨਾਂ ਵਿੱਚ ਮੁੰਦਰੀਆਂ ਅਤੇ ਯਾਕੋਬ ਨੇ ਉਹਨਾਂ ਨੂੰ ਸ਼ੇਕੇਮ ਵਿੱਚ ਬਲੂਤ ਦੇ ਰੁੱਖ ਦੇ ਹੇਠਾਂ ਦੱਬ ਦਿੱਤਾ।