24ਉਹ ਉਹਨਾਂ ਤੋਂ ਇੱਕ ਪਾਸੇ ਹੋ ਕੇ ਰੋਇਆ ਪਰ ਫੇਰ ਮੁੜ ਕੇ ਉਹਨਾਂ ਨਾਲ ਗੱਲ ਕੀਤੀ। ਉਸ ਨੇ ਸ਼ਿਮਓਨ ਨੂੰ ਉਹਨਾਂ ਵਿੱਚੋਂ ਲੈ ਲਿਆ ਅਤੇ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਬੰਨ੍ਹ ਦਿੱਤਾ।
25ਯੋਸੇਫ਼ ਨੇ ਹੁਕਮ ਦਿੱਤਾ ਕਿ ਉਹ ਉਹਨਾਂ ਦੇ ਥੈਲੇ ਅਨਾਜ ਨਾਲ ਭਰ ਦੇਣ, ਹਰੇਕ ਮਨੁੱਖ ਦੀ ਚਾਂਦੀ ਉਸ ਦੇ ਬੋਰੇ ਵਿੱਚ ਵਾਪਸ ਰੱਖਣ ਅਤੇ ਉਹਨਾਂ ਨੂੰ ਉਹਨਾਂ ਦੇ ਸਫ਼ਰ ਲਈ ਸਮਾਨ ਦੇਣ।
26ਇਸ ਤੋਂ ਬਾਅਦ ਉਹ ਆਪਣੇ ਖੋਤਿਆਂ ਉੱਤੇ ਅਨਾਜ ਲੱਦ ਕੇ ਚਲੇ ਗਏ।
27ਜਿੱਥੇ ਉਹ ਰਾਤ ਲਈ ਰੁਕੇ ਸਨ, ਉਹਨਾਂ ਵਿੱਚੋਂ ਇੱਕ ਨੇ ਆਪਣੇ ਗਧੇ ਨੂੰ ਚਾਰਾ ਲੈਣ ਲਈ ਆਪਣੀ ਬੋਰੀ ਖੋਲ੍ਹੀ ਅਤੇ ਉਸ ਨੇ ਆਪਣੀ ਬੋਰੀ ਦੇ ਮੂੰਹ ਵਿੱਚ ਆਪਣੀ ਚਾਂਦੀ ਦੇਖੀ।
28ਉਸ ਨੇ ਆਪਣੇ ਭਰਾਵਾਂ ਨੂੰ ਕਿਹਾ, “ਮੇਰੀ ਚਾਂਦੀ ਵਾਪਸ ਕਰ ਦਿੱਤੀ ਗਈ ਹੈ। ਇਹ ਮੇਰੀ ਬੋਰੀ ਵਿੱਚ ਹੈ।” ਉਹਨਾਂ ਦੇ ਦਿਲ ਡੁੱਬ ਗਏ ਅਤੇ ਉਹ ਕੰਬਦੇ ਹੋਏ ਇੱਕ-ਦੂਜੇ ਵੱਲ ਮੁੜੇ ਅਤੇ ਕਹਿਣ ਲੱਗੇ, “ਇਹ ਕੀ ਹੈ ਜੋ ਪਰਮੇਸ਼ਵਰ ਨੇ ਸਾਡੇ ਨਾਲ ਕੀਤਾ ਹੈ?”